ਸਿਹਤ ਮਹਿਕਮੇ ਦੀ ਟੀਮ ਨੇ ਅਧਿਆਪਕਾਂ ਦੇ ਕੀਤੇ ਕੋਰੋਨਾ ਟੈਸਟ, ਸਭ ਦੀ ਰਿਪੋਰਟ ਨੈਗੇਟਿਵ

Wednesday, Oct 21, 2020 - 01:46 PM (IST)

ਮੋਹਾਲੀ (ਪਰਦੀਪ) : ਮੁੱਢਲਾ ਸਿਹਤ ਕੇਂਦਰ (ਪੀ.ਐਚ.ਸੀ.) ਬੂਥਗੜ੍ਹ ਦੀ ਸਿਹਤ ਮਹਿਕਮੇ ਦੀ ਟੀਮ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜ਼ਰਾਬਾਦ ਦੇ 33 ਅਧਿਆਪਕਾਂ ਅੰਦਰ ਕੋਵਿਡ-19 ਬੀਮਾਰੀ ਦਾ ਪਤਾ ਲਾਉਣ ਲਈ ਟੈਸਟ ਕੀਤੇ ਗਏ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਅਧਿਆਪਕਾਂ ਦੀ ਰਿਪੋਰਟ ਨੈਗਟਿਵ ਆਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਪੀ. ਐਚ. ਸੀ. ਬੂਥਗੜ੍ਹ ਦੀ ਡਾਕਟਰੀ ਟੀਮ ਦੇ ਮੁਖੀ ਡਾ. ਦਿਲਬਾਗ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਨੇ ਸਕੂਲ 'ਚ ਜਾ ਕੇ ਰੈਪਿਡ ਕਿਟ ਟੈਸਟ ਕੀਤੇ ਅਤੇ ਸਾਰੇ ਅਧਿਆਪਕਾਂ ਦੀਆਂ ਰੀਪੋਰਟ ਨੈਗੇਟਿਵ ਆਈਆਂ।

ਉਨ੍ਹਾਂ ਦਸਿਆ ਕਿ ਸਾਰੀਆਂ ਰਿਪੋਰਟਾਂ ਮੌਕੇ 'ਤੇ ਹੀ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਤੋਂ ਬਚਾਅ ਲਈ ਟੈਸਟ ਕਰਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਬੀਮਾਰੀ ਦੀ ਲਾਗ ਦਾ ਪਤਾ ਲੱਗ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੀਮਾਰੀ ਤੋਂ ਬਚਾਅ ਲਈ ਆਪਣਾ ਟੈਸਟ ਕਰਵਾਉਣ ਤੋਂ ਬਿਲਕੁਲ ਵੀ ਨਾ ਘਬਰਾਉਣ। ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਇਸ ਮਹਾਮਾਰੀ ਤੋਂ ਬਚਾਅ ਲਈ ਇਕ ਦੂਜੇ ਤੋਂ ਦੂਰੀ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਮਾਸਕ, ਕਪੜੇ, ਚੁੰਨੀ, ਪਰਨੇ ਆਦਿ ਨਾਲ ਹਰ ਸਮੇਂ ਮੂੰਹ ਢੱਕ ਕੇ ਰੱਖਣ ਜਿਹੇ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਲੋੜੋਂ ਘਰੋਂ ਨਾ ਨਿਕਲਿਆ ਜਾਵੇ। ਮਾੜੀ-ਮੋਟੀ ਤਕਲੀਫ਼ ਹੋਣ 'ਤੇ ਹਸਪਤਾਲ ਜਾਣ ਦੀ ਬਜਾਏ ਸਿਹਤ ਮਹਿਕਮੇ ਦੀ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾਵੇ।
 


Babita

Content Editor

Related News