ਕਾਲਾ ਬੱਕਰਾ ''ਚ ਮੈਡੀਕਲ ਸਟੋਰ ''ਤੇ ਸਿਹਤ ਵਿਭਾਗ ਦਾ ਛਾਪਾ, ਮਾਲਕ ਵਿਰੁੱਧ ਮਾਮਲਾ ਦਰਜ

04/25/2019 5:00:59 PM

ਭੋਗਪੁਰ/ਜਲੰਧਰ (ਸੂਰੀ, ਰੱਤਾ)- ਸਿਹਤ ਵਿਭਾਗ ਦੀ ਟੀਮ ਵੱਲੋਂ ਬੀਤੇ ਦਿਨ ਥਾਣਾ ਭੋਗਪੁਰ ਦੇ ਪਿੰਡ ਕਾਲਾ ਬੱਕਰਾ 'ਚ ਬਿਨਾਂ ਲਾਇਸੈਂਸ ਚੱਲ ਰਹੇ ਇਕ ਮੈਡੀਕਲ ਸਟੋਰ 'ਤੇ ਛਾਪਾ ਮਾਰਿਆ ਗਿਆ। ਟੀਮ ਨੇ ਉਥੋਂ ਵੱਡੀ ਗਿਣਤੀ 'ਚ ਦਵਾਈਆਂ ਸਮੇਤ ਸਟੋਰ ਮਾਲਕ ਨੂੰ ਕਾਬੂ ਕਰ ਕੇ ਥਾਣਾ ਭੋਗਪੁਰ ਵਿਚ ਮਾਮਲਾ ਦਰਜ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਅਨੁਪਮਾ ਕਾਲੀਆ ਡਰੱਗ ਇੰਸਪੈਕਟਰ ਜਲੰਧਰ-2 ਨੇ ਦੱਸਿਆ ਹੈ ਕਿ ਉਨ੍ਹਾਂ ਦੀ ਟੀਮ, ਜਿਸ 'ਚ ਅਮਰਜੀਤ ਸਿੰਘ ਡਰੱਗ ਇੰਸਪੈਕਟਰ, ਦਿਨੇਸ਼ ਕੁਮਾਰ ਸੀਨੀਅਰ ਸਹਾਇਕ, ਜੇ. ਪੀ. ਸਿੰਘ ਖੁਫੀਆ ਅਫਸਰ ਅਤੇ ਐੱਸ. ਟੀ. ਐੱਫ. ਜਲੰਧਰ ਸ਼ਾਮਲ ਸਨ, ਵੱਲੋਂ ਕਾਲਾ ਬੱਕਰਾ ਪਿੰਡ 'ਚ ਸਥਿਤ ਕੋਮਲ ਮੈਲੀਕਲ ਸਟੋਰ 'ਤੇ ਅਚਨਚੇਤ ਛਾਪਾ ਮਾਰਿਆ ਗਿਆ। ਛਾਪੇ ਦੌਰਾਨ ਇਸ ਮੈਡੀਕਲ ਸਟੋਰ ਦਾ ਮਾਲਕ ਸਰਬਜੀਤ ਸਿੰਘ ਸਟੋਰ 'ਚ ਮੌਜੂਦ ਸੀ। ਜਦੋਂ ਸਟੋਰ ਮਾਲਕ ਪਾਸੋਂ ਲਾਇਸੈਂਸ ਦੀ ਮੰਗ ਕੀਤੀ ਗਈ ਤਾਂ ਉਸ ਕੋਲ ਮੈਡੀਕਲ ਸਟੋਰ ਦਾ ਕੋਈ ਲਾਇਸੈਂਸ ਨਹੀਂ ਸੀ। ਟੀਮ ਵੱਲੋਂ ਜਦੋਂ ਦੁਕਾਨ ਵਿਚ ਪਈਆਂ ਦਵਾਈਆਂ ਦੀ ਜਾਂਚ ਕੀਤੀ ਗਈ ਤਾਂ ਦੁਕਾਨ ਵਿਚੋਂ ਕਈ ਪਾਬੰਦੀਸ਼ੁਦਾ ਦਵਾਈਆਂ ਮਿਲੀਆਂ ਹਨ। ਇਸ ਤੋਂ ਇਲਾਵਾ ਟੀਮ ਵੱਲੋਂ ਸਟੋਰ ਵਿਚੋਂ 3167 ਗੋਲੀਆਂ, 240 ਕੈਪਸੂਲ, 145 ਟੀਕੇ, 36 ਸ਼ੀਸ਼ੀਆਂ ਪੀਣ ਵਾਲੀਆਂ ਦਵਾਈਆਂ, 185 ਸਰਿੰਜਾਂ ਦੀਆਂ ਸੂਈਆਂ ਅਤੇ 107 ਸਰਿੰਜਾਂ ਬਰਾਮਦ ਕੀਤੀਆਂ ਗਈਆਂ ਹਨ। ਟੀਮ ਵੱਲੋਂ ਇਸ ਮਾਮਲੇ ਦੀ ਜਾਣਕਾਰੀ ਥਾਣਾ ਭੋਗਪੁਰ ਨੂੰ ਦਿੱਤੀ ਗਈ। ਭੋਗਪੁਰ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।


shivani attri

Content Editor

Related News