ਸਿਹਤ ਵਿਭਾਗ ਦੀ ਸ਼ਰਮਨਾਕ ਹਰਕਤ ''ਤੇ ਭੜਕੇ ਲੋਕ, ਕੋਰੋਨਾ ਪੀੜਤ ਬੀਬੀ ਨੂੰ ਸੜਕ ''ਤੇ ਛੱਡ ਗਏ ਕਰਮਚਾਰੀ
Wednesday, Sep 02, 2020 - 10:45 PM (IST)
ਨਵਾਂਸ਼ਹਿਰ,(ਤ੍ਰਿਪਾਠੀ) : ਕੋਰੋਨਾ ਵਾਇਰਸ ਦਾ ਜਿਥੇ ਲੋਕਾਂ 'ਚ ਖੌਫ ਹੈ, ਉਥੇ ਹੀ ਸਿਹਤ ਵਿਭਾਗ ਦੀਆਂ ਕਈ ਥਾਵਾਂ ਤੋਂ ਸ਼ਰਮਨਾਕ ਹਰਕਤਾਂ ਵੀ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਮਾਮਲਾ ਨਵਾਂਸ਼ਹਿਰ 'ਚ ਦੇਖਣ ਨੂੰ ਮਿਲਿਆ, ਜਿਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਕੋਰੋਨਾ ਪੀੜਤ ਬੀਬੀ ਨੂੰ ਸੜਕ ਕਿਨਾਰੇ ਹੀ ਛੱਡ ਕੇ ਚਲੇ ਗਏ। ਦੱਸਣਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਨਵਾਂਸ਼ਹਿਰ ਦੇ ਮੁਹੱਲਾ ਸ੍ਰੀ ਗੁਰੂ ਰਵੀਦਾਸ ਨਗਰ ਦੀ ਰਹਿਣ ਵਾਲੀ ਉਕਤ ਬੀਬੀ ਨੂੰ ਕੋਰੋਨਾ ਪਾਜ਼ੇਟਿਵ ਦੱਸੇ ਜਾਣ ਉਪਰੰਤ ਸਿਹਤ ਵਿਭਾਗ ਵੱਲੋਂ 3 ਦਿਨ ਦੇ ਅੰਦਰ ਹੀ 2 ਬਾਰ ਆਈਸੋਲੇਸ਼ਨ ਸੈਂਟਰ ਲਿਜਾਇਆ, ਜਿਸ ਤੋਂ ਦੁਖੀ ਹੋ ਕੇ ਬੀਤੇ ਦਿਨੀਂ ਬੀਬੀ ਦੇ 20 ਸਾਲਾਂ ਪੁੱਤਰ ਨੇ ਖੁਦਕੁਸ਼ੀ ਕਰ ਲਈ ਸੀ।
ਬੀਬੀ ਨੂੰ ਅੱਜ ਪੁੱਤਰ ਦੇ ਸਸਕਾਰ ਕਰਨ ਦੇ ਦੂਜੇ ਦਿਨ ਹੀ ਸਿਹਤ ਵਿਭਾਗ ਵੱਲੋਂ ਮੁੜ ਬਿਨ੍ਹਾਂ ਪਰਿਵਾਰ ਦੇ ਧਿਆਨ 'ਚ ਲਿਆਂਦੇ ਉਸ ਨੂੰ ਘਰ ਦੇ ਬਾਹਰ ਛੱਡ ਦਿੱਤਾ ਗਿਆ। ਇਸ ਦੇ ਵਿਰੋਧ 'ਚ ਮੁਹੱਲਾ ਵਾਸੀਆਂ ਨੇ ਜ਼ਿਲ੍ਹਾ ਸਿਹਤ ਵਿਭਾਗ ਖਿਲਾਫ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਂਕ ਵਿਖੇ ਰੋਸ ਧਰਨਾ ਦਿੱਤਾ। ਸਿਹਤ ਵਿਭਾਗ ਵੱਲੋਂ ਪਾਜ਼ੇਟਿਵ ਦੱਸੀ ਗਈ ਬੀਬੀ ਨੇ ਦੱਸਿਆ ਕਿ ਉਹ ਨਵਾਂਸ਼ਹਿਰ ਦੇ ਇਕ ਮੁਹੱਲੇ 'ਚ ਕਿਸੇ ਦੇ ਘਰ 'ਚ ਕੰਮ ਕਰਦੀ ਸੀ, ਉਸ ਪਰਿਵਾਰ ਦਾ ਇਕ ਮੈਂਬਰ ਬੀਮਾਰ ਚੱਲ ਰਿਹਾ ਸੀ, ਜਿਸਦੇ ਚਲਦੇ ਸਿਹਤ ਵਿਭਾਗ ਵੱਲੋਂ ਉਸ ਦਾ ਸੈਂਪਲ ਲੈ ਕੇ ਉਸ ਨੂੰ ਪਾਜ਼ੇਟਿਵ ਦੱਸਦੇ ਹੋਏ ਆਈਸੋਲੇਸ਼ਨ ਸੈਂਟਰ ਵਿਖੇ ਲਿਆਂਦਾ ਗਿਆ ਸੀ।
ਉਸ ਨੇ ਦੱਸਿਆ ਕਿ ਉੱਥੇ ਸਹੂਲਤਾਂ ਨਾ ਹੋਣ ਦੇ ਚਲਦੇ ਵਿਭਾਗ ਦੀ ਟੀਮ ਨੇ ਉਸ ਨੂੰ ਘਰ ਭੇਜ ਦਿੱਤਾ ਸੀ ਪਰ ਕੁਝ ਕੁ ਮਿੰਟਾਂ ਉਪਰੰਤ ਉਸ ਨੂੰ ਮੁੜ ਆਈਸੋਲੇਸ਼ਨ ਸੈਂਟਰ ਵਿਖੇ ਬੁਲਾ ਲਿਆ। ਜਿਸ ਦਾ ਉਸਦੇ ਪੁੱਤਰ ਨੇ ਸਹੂਲਤਾਵਾਂ ਨਾ ਹੋਣ ਦੇ ਚਲਦੇ ਵਿਰੋਧ ਕਰਦੇ ਹੋਏ ਘਰ 'ਚ ਆਈਸੋਲੇਟ ਕਰਨ ਦੀ ਗੱਲ ਕੀਤੀ, ਜਿਸ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਉਸ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਵਤੀਰੇ ਤੋਂ ਦੁਖੀ ਹੋ ਕੇ ਹੀ ਉਸ ਦੇ 20 ਸਾਲਾਂ ਨੌਜਵਾਨ ਪੁੱਤਰ ਨੇ ਖੁਦਕੁਸ਼ੀ ਕੀਤੀ ਹੈ।
ਉਸ ਨੇ ਦੱਸਿਆ ਕਿ ਸਸਕਾਰ ਦੇ 1 ਦਿਨ ਬਾਅਦ ਹੀ ਉਸ ਨੂੰ ਆਈਸੋਲੇਸ਼ਨ ਸੈਂਟਰ ਤੋਂ ਘਰ ਭੇਜ ਦਿੱਤਾ ਗਿਆ। ਪਰਿਵਾਰ ਅਤੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਜੇਕਰ ਸਿਹਤ ਵਿਭਾਗ ਦੀ ਟੀਮ ਨੇ ਅੱਜ ਦੀ ਥਾਂ 'ਤੇ ਪਹਿਲਾਂ ਹੀ ਬੀਬੀ ਨੂੰ ਘਰ ਵਿਚ ਆਈਸੋਲੇਟ ਕਰਨ ਦੀ ਗੱਲ ਮੰਨ ਲਈ ਹੁੰਦੀ ਤਾਂ ਉਸ ਦਾ ਨੌਜਵਾਨ ਪੁੱਤ ਖੁਦਕੁਸ਼ੀ ਨਾ ਕਰਦਾ। ਇਸ ਦੌਰਾਨ ਭਾਰੀ ਗਿਣਤੀ ਵਿਚ ਲੋਕਾਂ ਨੇ ਚੰਡੀਗੜ੍ਹ ਚੌਕ 'ਤੇ ਰੋਸ ਧਰਨਾ ਦੇ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਖਬਰ ਲਿਖੇ ਜਾਣ ਤਕ ਪ੍ਰਦਰਸ਼ਨਕਾਰੀਆਂ ਦਾ ਰੋਸ ਧਰਨਾ ਜਾਰੀ ਸੀ।