ਸਿਹਤ ਵਿਭਾਗ ਨੇ ਕੁਸ਼ਟ ਰੋਗ ਸਪਰਸ਼ ਪੰਦੜਵਾੜੇ ਦੌਰਾਨ ਕੁਸ਼ਟ ਆਸ਼ਰਮ ''ਚ ਵੰਡੀਆਂ ਦਵਾਈਆਂ
Tuesday, Feb 13, 2018 - 03:09 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ)-ਸਿਹਤ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ 30 ਜਨਵਰੀ ਤੋਂ 13 ਫਰਵਰੀ 2018 ਤੱਕ ਮਨਾਏ ਜਾ ਰਹੇ ਕੁਸ਼ਟ ਰੋਗ ਸਪਰਸ਼ ਪੰਦੜਵਾੜੇ ਦੌਰਾਨ ਸਥਾਨਕ ਕੁਸ਼ਟ ਆਸ਼ਰਮ ਵਿਖੇ ਦਵਾਈਆਂ ਵੰਡੀਆਂ ਗਈਆਂ। ਇਸ ਸਮੇਂ ਡਾ. ਸੁਖਪਾਲ ਸਿੰਘ ਬਰਾੜ ਸਿਵਲ ਸਰਜਨ ਦੀ ਪ੍ਰਧਾਨਗੀ ਹੇਠ ਕੁਸ਼ਟ ਆਸ਼ਰਮ ਵਿਖੇ ਕੁਸ਼ਟ ਰੋਗ ਸਬੰਧੀ ਸਮਾਗਮ ਕੀਤਾ ਗਿਆ। ਜਿਸ 'ਚ ਸੁਖਮੰਦਰ ਸਿੰਘ ਅਤੇ ਵਿਨੋਦ ਖੁਰਾਣਾ ਜ਼ਿਲਾ ਮਾਸ ਮੀਡੀਆ ਅਫ਼ਸਰ, ਸੰਦੀਪ ਕੁਮਾਰ ਕੋਆਰਡੀਨੇਟਰ ਲੈਪਰੋਸੀ ਨੇ ਭਾਗ ਲਿਆ। ਇਸ ਮੌਕੇ ਡਾ. ਸੁਖਪਾਲ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਸ਼ਟ ਰੋਗ ਬਹੁ-ਔਸ਼ਧੀ ਦਵਾਈਆਂ ਨਾਲ 100 ਫੀਸਦੀ ਇਲਾਜ਼ਯੋਗ ਹੈ। ਉਨ੍ਹਾਂ ਦੱਸਿਆ ਕਿ 30 ਜਨਵਰੀ ਤੋਂ13 ਫਰਵਰੀ 2018 ਤੱਕ ਸਾਰੇ ਭਾਰਤ 'ਚ ਸਪਰਸ਼ ਕੁਸ਼ਟ ਰੋਗ ਜਾਗਰੂਕਤਾ ਪੰਦੜਵਾੜਾ ਮਨਾਇਆ ਜਾ ਰਿਹਾ ਹੈ, ਜਿਸ ਅਧੀਨ ਜ਼ਿਲੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ 'ਚ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣਗੇ ਅਤੇ ਸਟਾਫ਼ ਅਤੇ ਹੋਰ ਲੋਕਾਂ ਨੂੰ ਕੁਸ਼ਟ ਰੋਗੀਆਂ ਦਾ ਇਲਾਜ ਕਰਵਾਉਣ ਲਈ ਉਨ੍ਹਾਂ ਨਾਲ ਮਿਲਜੁਲ ਕੇ ਰਹਿਣ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਕੁਸਟ ਰੋਗੀ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ, ਉਸ ਨਾਲ ਬੈਠਣ, ਖਾਣ, ਘੁੰਮਣ ਫਿਰਨ ਤੇ ਕਿਸੇ ਵੀ ਤਰ੍ਹਾਂ ਦਾ ਭੇਦ-ਭਾਵ ਨਹੀਂ ਕਰਨਾ ਚਾਹੀਦਾ ਬਲਕਿ ਉਸ ਨੂੰ ਨੇੜੇ ਦੀ ਸਿਹਤ ਸੰਸਥਾ ਜਾਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਡਾ. ਸਤੀਸ਼ ਗੋਇਲ ਜ਼ਿਲਾ ਲੈਪਰੋਸੀ ਅਫ਼ਸਰ ਨੇ ਦੱਸਿਆ ਕਿ ਜੇਕਰ ਕਿਸੇ ਮਰੀਜ਼ ਦੀ ਚਮੜੀ ਤੇ ਹਲਕੇ ਤਾਂਬੇ ਰੰਗ ਦੇ ਧੱਬੇ ਸਮੇਤ ਚਮੜੀ ਦਾ ਸੁੰਨਾਪਨ, ਨਸਾਂ ਮੋਟੀਆਂ ਅਤੇ ਸਖਤ, ਅੰਗ ਮੁੜਨੇ, ਠੰਡੇ ਤੱਤੇ ਦਾ ਭੇਦ ਨਾ ਹੋਣਾ ਆਦਿ ਜਿਹੇ ਲੱਛਣ ਦਿਸਣ ਤਾਂ ਨੇੜੇ ਦੀ ਸਰਕਾਰੀ ਸਿਹਤ ਸੰਸਥਾ 'ਚ ਚੈਕ ਅੱਪ ਕਰਵਾਉਣਾ ਚਾਹੀਦਾ ਹੈ ਕਿਉਕਿ ਇਹ ਲੱਛਣ ਕੁਸ਼ਟ ਰੋਗ ਦੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਿਹਤ ਸੰਸਥਾਵਾਂ 'ਚ ਕੁਸ਼ਟ ਰੋਗ ਦੀ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਇਸ ਮੌਕੇ ਤੇ ਕੁਸ਼ਟ ਆਸ਼ਰਮ ਦੇ ਮਰੀਜਾਂ ਨੂੰ ਸਿਹਤ ਵਿਭਾਗ ਵੱਲੋਂ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।