ਕੰਡਮ ਸੀਵਰੇਜ ਸਿਸਟਮ ਬਣ ਰਿਹੈ ਸ਼ਹਿਰੀਆਂ ਲਈ ਸਿਰਦਰਦ

Monday, Aug 14, 2017 - 03:45 AM (IST)

ਕੰਡਮ ਸੀਵਰੇਜ ਸਿਸਟਮ ਬਣ ਰਿਹੈ ਸ਼ਹਿਰੀਆਂ ਲਈ ਸਿਰਦਰਦ

ਸੰਗਰੂਰ,   (ਬਾਵਾ)—  ਜੀਂਦ ਰਿਆਸਤ ਦੀ ਰਾਜਧਾਨੀ ਰਹੇ ਰਿਆਸਤੀ ਸ਼ਹਿਰ ਸੰਗਰੂਰ ਨੂੰ ਕਿਸੇ ਸਮੇਂ ਬਾਗਾਂ ਦਾ ਸ਼ਹਿਰ ਹੋਣ ਦਾ ਮਾਣ ਹਾਸਲ ਹੁੰਦਾ ਸੀ, ਜੋ ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਨਕਸ਼ੇ ਅਨੁਸਾਰ 4 ਦਰਵਾਜ਼ਿਆਂ 'ਚ ਬੰਦ ਸੀ। 8 ਬਾਗਾਂ ਵਾਲਾ ਸ਼ਹਿਰ ਅੱਜ ਬੁਨਿਆਦੀ ਸਹੂਲਤ ਤੋਂ ਵਾਂਝਾ ਹੁੰਦਾ ਵਿਖਾਈ ਦੇ ਰਿਹਾ ਹੈ। ਇਸ ਰਿਆਸਤੀ ਸ਼ਹਿਰ ਦਾ ਸੀਵਰੇਜ ਸਿਸਟਮ ਇਸ ਕਦਰ ਵਿਗੜ ਗਿਆ ਹੈ ਕਿ ਆਪਣੀ ਦੁਰਦਸ਼ਾ 'ਤੇ ਹੰਝੂ ਵਹਾਉਣ ਲਈ ਮਜਬੂਰ ਨਜ਼ਰ ਆ ਰਿਹਾ ਹੈ।  ਸ਼ਹਿਰ ਦੀਆਂ ਬਹੁਤੀਆਂ ਸੀਵਰੇਜ ਲਾਈਨਾਂ ਬੰਦ ਹੋਣ ਕਾਰਨ ਗੰਦਾ ਪਾਣੀ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਜਾਂਦਾ ਹੈ। ਪ੍ਰਸ਼ਾਸਨਿਕ ਅਧਿਕਾਰੀ ਵੀ ਬੇਵੱਸ ਨਜ਼ਰ ਆ ਰਹੇ ਹਨ ਕਿਉਂਕਿ ਸੀਵਰੇਜ ਦੀ ਰੇਖ-ਦੇਖ ਅਤੇ ਸਾਂਭ-ਸੰਭਾਲ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਦੇ ਮੋਢਿਆਂ 'ਤੇ ਹੈ, ਜੋ ਆਪਣੀ ਕਥਿਤ ਮਰਜ਼ੀ ਮੁਤਾਬਕ ਕੰਮ ਕਰ ਰਹੀ ਹੈ। ਸ਼ਹਿਰ ਦੇ ਨਿਕਾਸੀ ਪਾਣੀ ਅਤੇ ਬਰਸਾਤੀ ਪਾਣੀ ਦਾ ਕੋਈ ਢੁੱਕਵਾਂ ਜ਼ਰੀਆ ਨਾ ਹੋਣ ਕਾਰਨ ਸ਼ਹਿਰ ਵਾਸੀ ਥੋੜ੍ਹੇ ਜਿਹੇ ਮੀਂਹ ਉਪਰੰਤ ਹੀ ਜਲਥਲ ਹੋਏ ਸ਼ਹਿਰ ਤੋਂ ਆਪਣਾ ਸਾਮਾਨ ਬਚਾਉਣ ਲਈ ਜੱਦੋ-ਜਹਿਦ ਕਰਦੇ ਨਜ਼ਰ ਆਉਂਦੇ ਹਨ। ਸ਼ਹਿਰ ਦਾ ਸੀਵਰੇਜ ਸਿਸਟਮ ਜਾਂ ਤਾਂ ਪਿਛਲੇ ਲੰਬੇ ਅਰਸੇ ਤੋਂ ਪੂਰੀ ਤਰ੍ਹਾਂ ਕੰਡਮ ਬਣ ਚੁੱਕਾ ਹੈ ਜਾਂ ਫਿਰ ਇਹ ਸਿਸਟਮ ਸਫ਼ਾਈ ਦੇ ਹੀ ਯੋਗ ਨਹੀਂ ਰਿਹਾ। ਸ਼ਹਿਰ ਦੀਆਂ ਬਾਹਰਲੀਆਂ ਕਾਲੋਨੀਆਂ ਦੀ ਜੇ ਗੱਲ ਕਰੀਏ ਤਾਂ ਹੀ ਬਿਹਤਰ ਹੈ ਕਿਉਂਕਿ ਸੀਵਰੇਜ ਨਾ ਪੈਣ ਕਾਰਨ ਇਨ੍ਹਾਂ ਬਸਤੀਆਂ ਦੇ ਬਾਸ਼ਿੰਦੇ ਨਰਕ ਤੋਂ ਵੀ ਭੈੜੇ ਹਾਲਾਤ ਨਾਲ ਜੂਝ ਰਹੇ ਹਨ।


Related News