ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਨ ਮੌਕੇ ਜਲੰਧਰ 'ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ

Sunday, Dec 03, 2017 - 03:47 PM (IST)

ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਨ ਮੌਕੇ ਜਲੰਧਰ 'ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ

ਜਲੰਧਰ (ਮਜ਼ਹਰ)— ਹਜ਼ਰਤ ਮੁਹੰਮਦ ਪੈਗੰਬਰ ਦੇ ਜਨਮ ਦਿਹਾੜੇ ਮੌਕੇ ਸ਼ਨੀਵਾਰ ਨੂੰ ਈਦਗਾਹ ਮਸਜ਼ਿਦ ਕਮੇਟੀ ਅਤੇ ਪੰਜਾਬ ਸੂਫੀ ਮੰਚ ਵੱਲੋਂ ਇਕ ਵੱਡੀ ਵਿਸ਼ਾਲ ਸ਼ੋਭਾ ਯਾਤਰਾ ਪੰਜਾਬ ਸੂਫੀ ਮੰਚ ਦੇ ਜਨਰਲ ਸਕੱਤਰ ਨਈਮ ਖਾਨ ਐਡਵੋਕੇਟ ਅਤੇ ਸੰਯੋਜਕ ਐੱਸ. ਐੱਸ. ਹਸਨ ਅਤੇ ਮਸਜਿਦ ਕਮੇਟੀ ਦੇ ਪ੍ਰਧਾਨ ਸ਼ਮਸ਼ਾਦ ਠੇਕੇਦਾਰ ਤੇ ਸੁੰਨੀ ਜਾਮਾ ਮਸਜ਼ਿਦ ਦੇ ਇਮਾਮ ਅਬਦੁੱਲ ਸਲਾਮ ਸਾਹਿਬ ਦੀ ਰਹਿਨੁਮਾਈ ਹੇਠ ਕੱਢੀ ਗਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਭਾਗ ਲਿਆ। ਸ਼ਮਸ਼ਾਦ ਠੇਕੇਦਾਰ ਨੇ ਕਿਹਾ ਕਿ ਅੱਜ ਦਾ ਦਿਨ ਇਨਸਾਨੀਅਤ ਲਈ ਸਭ ਤੋਂ ਵੱਡਾ ਦਿਨ ਹੈ।
ਇਹ ਸ਼ੋਭਾ ਯਾਤਰਾ ਈਦਗਾਹ ਗਰਾਊਂਡ, ਗੁਲਾਬ ਦੇਵੀ ਜਲੰਧਰ ਤੋਂ ਸ਼ੁਰੂ ਹੋ ਕੇ ਵਰਕਸ਼ਾਪ ਚੌਕ, ਫੁੱਟਬਾਲ ਚੌਕ, ਨਕੋਦਰ ਚੌਕ, ਜੋਤੀ ਚੌਕ, ਬਸਤੀ ਅੱਡਾ, ਪਟੇਲ ਚੌਕ ਹੁੰਦਿਆਂ ਹੋਇਆਂ ਵਾਪਸ ਈਦਗਾਹ ਵਿਖੇ ਸਮਾਪਤ ਹੋਈ। ਸ਼ੋਭਾ ਯਾਤਰਾ ਵਿਚ ਵਿਸ਼ੇਸ਼ ਤੌਰ 'ਤੇ ਧਰਮ ਗੁਰੂ ਡਾ. ਸ਼ਹਿਰਯਾਰ ਰਜ਼ਾ ਖਾਨ ਵੀ ਹਾਜ਼ਰ ਰਹੇ ਅਤੇ ਸ਼ੋਭਾ ਯਾਤਰਾ ਦੌਰਾਨ ਸੰਗਤ ਵੱਲੋਂ ਬੜੀ ਸ਼ਰਧਾ ਨਾਲ ਪੈਗੰਬਰ ਮੁਹੰਮਦ ਸਾਹਿਬ ਦੇ ਜਨਮ ਦਿਹਾੜੇ ਦੀ ਖੁਸ਼ੀ ਵਿਚ ਨਾਅਰੇ ਤੱਕਬੀਰ, ਆਕਾ ਕੀ ਆਮਦ ਮਰਹਬਾ, ਨਰਾਏ ਰਿਸਾਲਤ ਲਗਾਏ ਅਤੇ ਸ਼ੋਭਾ ਯਾਤਰਾ ਦੌਰਾਨ ਮੁਸਲਿਮ ਵੈੱਲਫੇਅਰ ਸੁਸਾਇਟੀ ਜੋਤੀ ਚੌਕ ਵਿਚ ਸ਼ਕੀਲ ਅਤੇ ਸਰਫਰਾਜ ਖਾਨ ਅਤੇ  ਬਨਾਰਸੀ ਭਾਈਚਾਰੇ ਵੱਲੋਂ ਵੱਡਾ ਲੰਗਰ ਲਾਇਆ ਗਿਆ।
ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦੇ ਜਨਮ ਦਿਹਾੜੇ 'ਤੇ ਜਿੱਥੇ ਮੁਸਲਿਮ ਸੰਗਤ ਵੱਲੋਂ ਸ਼ੋਭਾ ਯਾਤਰਾ ਕੱਢ ਕੇ ਖੁਸ਼ੀ ਮਨਾਈ ਗਈ, ਉਸ ਦੇ ਨਾਲ ਹੀ ਦੇਸ਼ ਦੀ ਤਰੱਕੀ ਅਤੇ ਦੇਸ਼ ਵਿਚ ਅਮਨ ਲਈ ਦੁਆ ਕੀਤੀ ਗਈ ਅਤੇ ਰਾਤ ਨੂੰ ਇਕ ਧਾਰਮਿਕ ਸਮਾਗਮ ਵੀ ਕਰਾਇਆ ਗਿਆ, ਜਿਸ ਵਿਚ ਧਾਰਮਿਕ ਗੁਰੂ ਡਾ. ਸ਼ਹਿਰਯਾਰ ਰਜ਼ਾ ਖਾਨ ਅਤੇ ਮੌਲਾਨਾ ਫਾਰੂਕ ਬਰਕਾਤੀ ਅਤੇ ਆਦਿਲ ਰਜ਼ਾ ਨੇ ਸੰਗਤਾਂ ਨੂੰ ਆਪਣੇ ਪ੍ਰਵਚਨ ਦਿੱਤੇ ਅਤੇ ਮੁਹੰਮਦ ਸਾਹਿਬ ਦੇ ਜੀਵਨ ਬਾਰੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਲੋਕਾਂ ਨੂੰ ਇਹ ਅਹਿਸਾਸ ਕਰਾਇਆ ਕਿ ਇਨਸਾਨੀਅਤ ਇਕ ਵੱਡਾ ਧਰਮ ਹੈ ਅਤੇ ਇਨਸਾਨੀਅਤ ਤੋਂ ਵੱਡਾ ਕੁੱਝ ਨਹੀਂ ਹੈ ਅਤੇ ਉਨ੍ਹਾਂ ਨੂੰ ਲੋਕਾਂ ਨੂੰ ਆਪਸ ਵਿਚ ਮਿਲਜੁਲ ਕੇ ਰਹਿਣ ਅਤੇ ਆਪਸ ਵਿਚ ਪਿਆਰ ਮੁਹੱਬਤ ਰੱਖਣ ਦਾ ਸੰਦੇਸ਼ ਦਿੱਤਾ।
ਇਸ ਮੌਕੇ 'ਤੇ ਨਾਸਿਰ ਸਲਮਾਨੀ, ਜਬਾਰ ਖਾਨ ਮੈਂਬਰ ਬਿਲਡਿੰਗ ਬੋਰਡ ਅਤੇ ਜ਼ਾਕਿਰ, ਸਰਫਰਾਜ ਖਾਨ, ਅਸਗਰ, ਅਕਬਰ ਅਲੀ, ਮੰਜ਼ੂਰ ਆਲਮ, ਅਹਿਸਾਨ, ਸ਼ੇਖ ਮੁਖਤਾਰ, ਅਮਜ਼ਦ ਅਲੀ ਖਾਨ, ਅਹਿਸਾਨ ਰਾਜ ਨਗਰ, ਕਲਾਮ ਰਤਨ ਨਗਰ, ਜਬਾਰ ਖਾਨ ਨਾਗਰਾ, ਅਖਤਰ ਅਲੀ, ਵਸੀਮ ਖਾਨ, ਸ਼ਾਹਿਦ, ਐੱਸ. ਐੱਸ. ਪੀ.  ਹਨੀਫ ਖਾਨ, ਸਈਦ ਯਾਕੂਬ ਹੁਸੈਨ ਨਕਬੀ, ਸਮੀਰ ਅਲੀ, ਕਲੀਮ ਸਲਮਾਨੀ, ਮੁਜੰਮਿਲ ਸਲਮਾਨੀ, ਨਾਸੀਮ ਸਲਮਾਨੀ ਅਤੇ ਜਸਮੂਦੀਨ ਮਦੀਨਾ, ਅਰਮਾਨ ਅਤੇ ਹੋਰ ਬਹੁਤ ਵੱਡੀ ਗਿਣਤੀ ਵਿਚ ਮੁਸਲਿਮ ਭਾਈਚਾਰੇ ਦੇ ਲੋਕ ਮੌਜੂਦ ਸਨ।


Related News