ਸਾਬਕਾ ਮੁਫਤੀ ਪੰਜਾਬ ਹਜ਼ਰਤ ਮੌਲਾਨਾ ਫਜ਼ੈਲ-ਉਰ-ਰਹਿਮਾਨ ਦਾ ਦਿਹਾਂਤ

12/05/2019 8:03:43 PM

ਮਾਲੇਰਕੋਟਲਾ,(ਸ਼ਹਾਬੂਦੀਨ/ਜ਼ਹੂਰ): ਭਾਰਤ ਦੇਸ਼ ਦੇ ਨਾਮਵਰ ਇਸਲਾਮਿਕ ਆਲਮ (ਮੁਸਲਿਮ ਧਾਰਮਕ ਆਗੂ) ਤੇ ਪੰਜਾਬ ਦੇ ਸਾਬਕਾ ਮੁਫਤੀ ਹਜ਼ਰਤ ਮੌਲਾਨਾ ਫਜ਼ੈਲ-ਉਰ-ਰਹਿਮਾਨ ਹਿਲਾਲ ਉਸਮਾਨੀ ਦਾ ਲੰਬੀ ਬੀਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ, ਜਿਨ੍ਹਾਂ ਦੀ ਨਮਾਜ਼-ਏ-ਜਨਾਜ਼ਾ ਛੋਟੀ ਈਦਗਾਹ ਵਿਖੇ ਮੌਜੂਦਾ ਮੁਫਤੀ ਪੰਜਾਬ ਇਰਤਕਾ-ਉਲ-ਹਸਨ ਕਾਂਧਲਵੀ ਸਾਹਿਬ ਨੇ ਅਦਾ ਕਰਵਾਈ। ਨਮਾਜ਼-ਏ-ਜਨਾਜ਼ਾ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਆਮ ਲੋਕਾਂ ਤੋਂ ਇਲਾਵਾ ਵੱਡੀ ਗਿਣਤੀ 'ਚ ਸਿਆਸੀ, ਸਮਾਜਕ ਅਤੇ ਧਾਰਮਕ ਆਗੂਆਂ ਨੇ ਵੀ ਸ਼ਿਰਕਤ ਕੀਤੀ। ਮੁਫਤੀ ਸਾਹਿਬ ਨੂੰ ਉਨ੍ਹਾਂ ਦੇ ਜੱਦੀ ਰਿਹਾਇਸ਼ੀ ਖੇਤਰ ਦੇਵਬੰਦ (ਯੂ. ਪੀ.) ਵਿਖੇ ਸਪੁਰਦ-ਏ-ਖਾਕ ਕੀਤਾ ਜਾਵੇਗਾ। ਨਮਾਜ਼-ਏ-ਜਨਾਜ਼ਾ ਅਦਾ ਕਰਨ ਉਪਰੰਤ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਵੱਡੀ ਗਿਣਤੀ 'ਚ ਮੁਸਲਿਮ ਧਾਰਮਕ ਆਗੂ, ਆਲਮ ਅਤੇ ਮੌਲਾਨਾ ਸਾਹਿਬ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਲੈ ਕੇ ਦਿਓਵੰਦ ਲਈ ਰਵਾਨਾ ਹੋਏ।

ਜ਼ਿਕਰਯੋਗ ਹੈ ਕਿ ਮੁਫਤੀ ਫਜ਼ੈਲ-ਉਰ-ਰਹਿਮਾਨ ਹਿਲਾਲ ਉਸਮਾਨੀ ਸਾਹਿਬ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਸਮੇਤ ਅਲੀਗੜ੍ਹ ਯੂਨੀਵਰਸਿਟੀ ਕੋਰਟ ਦੇ ਜਿਥੇ ਮੌਜੂਦਾ ਮੈਂਬਰ ਸਨ, ਉਥੇ ਉਹ ਪਿਛਲੇ ਸਮੇਂ ਦੌਰਾਨ ਪੰਜਾਬ ਵਕਫ ਬੋਰਡ ਦੇ ਵੀ ਮੈਂਬਰ ਰਹੇ ਸਨ। ਕਈ ਧਾਰਮਕ ਅਤੇ ਵਿੱਦਿਅਕ ਕਿਤਾਬਾਂ ਲਿਖ ਕੇ ਸਮਾਜ ਅਤੇ ਸਿੱਖਿਆ ਦੇ ਖੇਤਰ ਦੀ ਝੋਲੀ ਪਾਉਣ ਵਾਲੇ ਮਰਹੂਮ ਮੁਫਤੀ ਉਸਮਾਨੀ ਸਾਹਿਬ ਜਿਥੇ ਇਸਲਾਮ ਦਾ ਚਾਨਣ ਵੰਡਦੀਆਂ ਅਤੇ ਲੋਕ ਭਲਾਈ ਦੇ ਕੰਮ ਕਰਦੀਆਂ ਵੱਖ-ਵੱਖ ਧਾਰਮਕ ਅਤੇ ਸਮਾਜਕ ਸੰਸਥਾਵਾਂ ਨਾਲ ਜੁੜੇ ਹੋਏ ਸਨ, ਉਥੇ ਮਾਲੇਰਕੋਟਲਾ ਵਿਖੇ ਮਦਰੱਸਾ ਤਾਮੀਰ-ਏ-ਸੀਰਤ ਦੀ ਸਥਾਪਨਾ ਕਰਨ ਦਾ ਮੁੱਢ ਬੰਨ੍ਹਣ ਦਾ ਸਿਹਰਾ ਵੀ ਮਰਹੂਮ ਮੁਫਤੀ ਉਸਮਾਨੀ ਸਾਹਿਬ ਨੂੰ ਹੀ ਜਾਂਦਾ ਹੈ। ਅੱਜ ਭਾਰਤ ਦੇਸ਼ ਇਕ ਨਾਮਵਰ ਸੁਲਝੇ ਹੋਏ ਲੋਕ ਸੇਵਾ ਨੂੰ ਸਮਰਪਿਤ ਵਿਦਵਾਨ ਤੋਂ ਵਾਂਝਾ ਹੋ ਗਿਆ ਹੈ, ਜਿਸ ਦੀ ਘਾਟ ਦੇਸ਼ ਖਾਸਕਰ ਮਾਲੇਰਕੋਟਲਾ ਵਾਸੀਆਂ ਨੂੰ ਹਮੇਸ਼ਾ ਰੜਕਦੀ ਰਹੇਗੀ।


Related News