ਹਰਵਿੰਦਰ ਹਰਪਾਲਪੁਰ ਦਾ ਨਹੀਂ ਮਿਲਿਆ ਪੁਲਸ ਰਿਮਾਂਡ, ਜੇਲ ਭੇਜਿਆ

01/12/2019 11:35:29 AM

ਪਟਿਆਲਾ/ਰਾਜਪੁਰਾ (ਬਲਜਿੰਦਰ, ਇਕਬਾਲ)—ਘਨੌਰ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਖਾਦੀ ਬੋਰਡ ਦੇ ਸਾਬਕਾ ਸੀਨੀਅਰ ਵਾਈਸ-ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ ਨੂੰ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਸ ਵੱਲੋਂ ਹੋਰ ਰਿਮਾਂਡ ਮੰਗਣ ਦੀ ਅਪੀਲ ਨੂੰ ਖਾਰਜ ਕਰਦਿਆਂ ਹਰਪਾਲਪੁਰ ਨੂੰ ਕੇਂਦਰੀ ਜੇਲ ਪਟਿਆਲਾ ਵਿਚ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਜਦੋਂ ਪੁਲਸ ਹਰਪਾਲਪੁਰ ਨੂੰ ਪੇਸ਼ ਕਰਨ ਲਈ ਲਿਆਈ ਤਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਸ 'ਤੇ ਕੇਸ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਅਤੇ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਕਰਵਾਇਆ ਗਿਆ ਹੈ। ਪਹਿਲਾਂ ਕੇਸ ਦਰਜ ਕਰਵਾ ਕੇ ਪੰਚਾਇਤੀ ਚੋਣਾਂ ਤੋਂ ਦੂਰ ਰੱਖਿਆ ਗਿਆ।  ਹੁਣ ਗ੍ਰਿਫਤਾਰ ਕਰਵਾ ਕੇ ਲੋਕ ਸਭਾ ਚੋਣਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਮਹਿਲਾ ਤੋਂ ਉਸ ਖਿਲਾਫ ਸ਼ਿਕਾਇਤ ਕਰਵਾਈ ਗਈ, ਉਸ 'ਤੇ ਪਹਿਲਾਂ  ਹੀ ਕਤਲ ਦੇ ਕੇਸ ਦਰਜ ਹਨ। ਉਨ੍ਹਾਂ ਸਾਰੇ ਕੇਸਾਂ ਦੀ ਸੀ. ਬੀ. ਆਈ. ਜਾਂਚ ਕਰਵਾਈ ਜਾਵੇਗੀ ਤਾਂ ਕਿ ਸਚਾਈ ਸਾਹਮਣੇ ਆ ਸਕੇ। 

ਹਰਪਾਲਪੁਰ ਨੇ ਪੁਲਸ ਵੱਲੋਂ ਦਰਜ ਐੈੱਫ. ਆਈ. ਆਰ. 'ਤੇ ਕਈ ਸਵਾਲ ਉਠਾਉਂਦੇ ਹੋਏ ਕਿਹਾ ਕਿ ਮਹਿਲਾ ਵੱਲੋਂ ਕੇਸ 1 ਨਵੰਬਰ ਨੂੰ ਦਰਜ ਕਰਵਾਇਆ ਗਿਆ। ਇਸ ਵਿਚ 6 ਮਹੀਨਿਆਂ ਤੋਂ ਜਬਰ-ਜ਼ਨਾਹ ਦੀ ਗੱਲ ਆਖੀ ਗਈ ਜਦੋਂ ਕਿ ਜ਼ਮੀਨ ਦਾ ਬਿਆਨਾ ਹੀ ਜੂਨ ਵਿਚ ਹੋਇਆ। ਮਈ ਵਿਚ ਡਰਾ-ਧਮਕਾ ਕੇ ਜਬਰ-ਜ਼ਨਾਹ ਦੀ ਗੱਲ ਕਿੱਥੋਂ ਆ ਗਈ? ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਸਾਰੀ ਝੂਠੀ ਕਹਾਣੀ ਘੜੀ  ਗਈ ਹੈ। ਇਸ ਦੀ ਸਾਰੀ ਸਚਾਈ ਜਲਦ ਹੀ ਸਾਹਮਣੇ ਆ ਜਾਵੇਗੀ।

 


Shyna

Content Editor

Related News