ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਤੇ ਕੇਂਦਰ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ
Thursday, Aug 10, 2023 - 01:06 AM (IST)
ਚੰਡੀਗੜ੍ਹ (ਬਿਊਰੋ) : ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕਰ ਬਾਦਲ ਨੇ ਅੱਜ ਕਿਹਾ ਕਿ ਸਿੱਖ ਕੌਮ ਦਹਾਕਿਆਂ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਹੱਥੋਂ ਵਿਤਕਰੇ ਦਾ ਸ਼ਿਕਾਰ ਹੁੰਦੀ ਰਹੀ ਹੈ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ, ਜਦਕਿ ਹੁਣ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਕਰ ਰਹੀ ਹੈ ਤੇ ਕੌਮ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਰਹੀ ਹੈ। ਬਾਦਲ ਨੇ ਮਣੀਪੁਰ ਹਿੰਸਾ ਦੇ ਮੱਦੇਨਜ਼ਰ ਕੇਂਦਰ ਸਰਕਾਰ ਦੇ ਖਿਲਾਫ਼ ਪੇਸ਼ ਕੀਤੇ ਗਏ ਬੇਵਿਸਾਹੀ ਮਤੇ ’ਤੇ ਚਰਚਾ ਵਿਚ ਹਿੱਸਾ ਲੈਂਦਿਆਂ ਪੁੱਛਿਆ ਕਿ ਅਸੀਂ ਕਿਸ ’ਤੇ ਵਿਸ਼ਵਾਸ ਕਰੀਏ? ਕਾਂਗਰਸ ਸਰਕਾਰ ਨੇ 1984 ਵਿਚ ਸਾਡੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ’ਤੇ ਹਮਲਾ ਕੀਤਾ ਤੇ ਸਿੱਖਾਂ ਦਾ ਕਤਲੇਆਮ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਲੈ ਕੇ ਸੰਸਦ ’ਚ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ, ਕਹੀ ਇਹ ਗੱਲ
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਨੂੰ ਪੰਜਾਬ ਦੇ ਪੁਨਰਗਠਨ ਵੇਲੇ ਨਾ ਪੰਜਾਬੀ ਬੋਲਦੇ ਇਲਾਕੇ ਦਿੱਤੇ ਤੇ ਨਾ ਹੀ ਸਾਨੂੰ ਸਾਡਾ ਰਾਜਧਾਨੀ ਸ਼ਹਿਰ ਚੰਡੀਗੜ੍ਹ ਦਿੱਤਾ ਤੇ ਹੁਣ ਇਹ ਦਿੱਲੀ ਵਿਚ ਦੁਨੀਆ ਦੀ ਇਕਲੌਤੀ ਵਿਧਵਾ ਕਾਲੋਨੀ ਵਿਚ ਵੀ ਨਹੀਂ ਗਈ, ਜਿਥੇ 1984 ਦੇ ਸਿੱਖ ਕਤਲੇਆਮ ਦੀਆਂ ਵਿਧਵਾਵਾਂ ਰਹਿੰਦੀਆਂ ਹਨ। ਬਠਿੰਡਾ ਤੋਂ ਐੱਮ. ਪੀ. ਨੇ ਕੇਂਦਰ ਸਰਕਾਰ ਦੀ ਵੀ ਜੰਮ ਕੇ ਖਿਚਾਈ ਕੀਤੀ ਤੇ ਕਿਹਾ ਕਿ ‘ਸਬਕਾ ਸਾਥ, ਸਬਕਾ ਵਿਕਾਸ’ ਨਾਅਰੇ ’ਤੇ ਮੁੜ ਵਿਚਾਰ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਸ ਨੇ ਕਿਸਾਨਾਂ ਤੇ ਸਮਾਜ ਦੇ ਗਰੀਬ ਵਰਗਾਂ, ਵੱਖ-ਵੱਖ ਧਾਰਮਿਕ ਭਾਈਚਾਰਿਆਂ, ਨੌਜਵਾਨਾਂ ਤੇ ਔਰਤਾਂ ਦਾ ਵਿਸ਼ਵਾਸ ਜਿੱਤ ਲਿਆ ਹੈ? ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਮ੍ਰਿਤ ਕਾਲ ਵਿਚ ਵੀ ਔਰਤਾਂ ਖਿਲਾਫ਼ ਤਸ਼ੱਦਦ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਮਹਾਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ, ਟੂਰਨਾਮੈਂਟ ’ਚੋਂ ਕੀਤਾ ਬਾਹਰ
ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਦੇਸ਼ ਦੀ ਆਜ਼ਾਦੀ ਦੀ 50ਵੀਂ ਵਰ੍ਹੇਗੰਢ ’ਤੇ ਦਿੱਤਾ ਭਾਸ਼ਣ ਪੜ੍ਹਦਿਆਂ ਚੇਤੇ ਕੀਤਾ ਕਿ ਕਿਵੇਂ ਉਨ੍ਹਾਂ ਕਿਹਾ ਸੀ ਕਿ ਇਸ ਦੇਸ਼ ਵਿਚ ਇਕ ਲੜਕੀ ਵਜੋਂ ਜਨਮ ਲੈਣਾ ਇਕ ਸਰਾਪ ਹੈ ਤੇ ਕਿਹਾ ਕਿ ਅੱਜ ਵੀ ਇਹੀ ਸੱਚਾਈ ਹੈ, ਜੋ ਮਣੀਪੁਰ ਹਿੰਸਾ ਦੌਰਾਨ ਵੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਘੱਟਗਿਣਤੀ ਕਮਿਸ਼ਨ ’ਤੇ ਵੀ ਤਿੱਖੇ ਹਮਲੇ ਕੀਤੇ ਤੇ ਕਿਹਾ ਕਿ ਸਿੱਖ ਕੌਮ ਦੇ ਧਾਰਮਿਕ ਮਾਮਲਿਆਂ ਵਿਚ ਰੋਜ਼ਾਨਾ ਦਖਲਅੰਦਾਜ਼ੀ ਹੋ ਰਹੀ ਹੈ ਤੇ ਮਣੀਪੁਰ ਦਾ ਉਹ ਦੌਰਾ ਕਰਨ ਵਿਚ ਨਾਕਾਮ ਰਿਹਾ ਹੈ। ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ 1947 ਵਿਚ ਸਿੱਖਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ।
ਇਹ ਖ਼ਬਰ ਵੀ ਪੜ੍ਹੋ : ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦਾ ਤੋੜਿਆ ਨੈੱਟਵਰਕ, ਹੈਰੋਇਨ ਬਰਾਮਦਗੀ ਮਾਮਲੇ ’ਚ ਪੁਲਸ ਦੀ ਵੱਡੀ ਕਾਰਵਾਈ
ਉਨ੍ਹਾਂ ਕਿਹਾ ਕਿ ਸਿੱਖਾਂ ਨਾਲ ਅੱਜ ਵੀ ਵਿਤਕਰਾ ਹੋ ਰਿਹਾ ਹੈ ਤੇ ਦੱਸਿਆ ਕਿ ਕਿਵੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਆਪਣੇ ਕੀਤੇ ਐਲਾਨ ਤੋਂ ਟਾਲਾ ਵੱਟ ਲਿਆ। ਉਨ੍ਹਾਂ ਕਿਹਾ ਕਿ ਅਸੀਂ ਕੇਂਦਰ ਸਰਕਾਰ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਬੰਦੀ ਸਿੰਘਾਂ ਨੇ 25-25 ਸਾਲ ਤੋਂ ਜ਼ਿਆਦਾ ਸਮਾਂ ਜੇਲ੍ਹਾਂ ਵਿਚ ਬਤੀਤ ਕੀਤਾ ਹੈ, ਉਨ੍ਹਾਂ ਨੂੰ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਸਿੱਖ ਨੌਜਵਾਨਾਂ ’ਤੇ ਐੱਨ. ਐੱਸ. ਏ. ਲਗਾਉਣ ਅਤੇ ਮਨੁੱਖਤਾ ਦੀ ਸੇਵਾ ਕਰ ਰਹੀਆਂ ਖਾਲਸਾ ਏਡ ਵਰਗੀਆਂ ਜਥੇਬੰਦੀਆਂ ’ਤੇ ਐੱਨ. ਆਈ. ਏ. ਦੀ ਛਾਪੇਮਾਰੀ ਕਰਵਾਉਣ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਵੇਲੇ ਐੱਮ. ਐੱਸ. ਪੀ. ਨੂੰ ਕਾਨੂੰਨੀ ਗਾਰੰਟੀ ਦੇਣ ਦਾ ਵਾਅਦਾ ਕੀਤਾ ਸੀ ਤੇ ਉਸ ਤੋਂ ਵੀ ਟਾਲਾ ਵੱਟ ਗਈ ਹੈ। ਉਨ੍ਹਾਂ ਨੇ ਫਿਰਕੂ ਹਿੰਸਾ ਨੂੰ ਰੋਕਣ ਲਈ ਫੌਰੀ ਠੋਸ ਕਦਮ ਚੁੱਕਣ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਜੇਕਰ ਦੇਸ਼ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੁੰਦੀ ਤਾਂ ਅੱਜ ਹਾਲਾਤ ਹੋਰ ਹੁੰਦੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8