ਪੰਜਾਬ ਨੂੰ ਬਰਬਾਦ ਕਰਨ ਲਈ ਇਕ ਰਾਜਾ ਘੱਟ ਸੀ, ਜੋ ਇਕ ਹੋਰ ਆ ਗਿਆ : ਹਰਸਿਮਰਤ
Wednesday, Apr 24, 2019 - 02:43 PM (IST)

ਬਠਿੰਡਾ (ਬਲਵਿੰਦਰ) : ਸ਼੍ਰੋਮਣੀ ਅਕਾਲੀ ਦਲ-ਭਾਜਪਾ ਵਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਐਲਾਨੇ ਗਏ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਸਵੇਰੇ ਪਹਿਲਾਂ ਗੁਰਦੁਆਰਾ ਕਿਲਾ ਮੁਬਾਰਕ ਤੇ ਫਿਰ ਪੰਚਮੁਖੀ ਬਾਲਾ ਜੀ ਮੰਦਰ ਵਿਖੇ ਨਤਮਸਤਕ ਹੋਣ ਪਹੁੰਚੇ। ਉਨ੍ਹਾਂ ਨਾਲ ਵੱਡੀ ਗਿਣਤੀ 'ਚ ਅਕਾਲੀ-ਭਾਜਪਾ ਵਰਕਰ ਅਤੇ ਸਮਰਥਕ ਮੌਜੂਦ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਮੰਤਰੀ ਬਠਿੰਡਾ 'ਚ ਉਨ੍ਹਾਂ ਖਿਲਾਫ ਚੋਣ ਲੜਨ ਤੋਂ ਭੱਜ ਗਏ ਹਨ ਅਤੇ ਪਾਰਟੀ ਨੇ ਇਕ ਵਿਧਾਇਕ ਨੂੰ ਉਮੀਦਵਾਰ ਬਣਾ ਕੇ ਭੇਜ ਦਿੱਤਾ। ਜੇਕਰ ਰਾਜਾ ਵੜਿੰਗ ਸੱਚਮੁੱਚ ਲੋਕ ਸਭਾ ਹਲਕਾ ਬਠਿੰਡਾ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਉਸ ਨੇ ਵਿਧਾਇਕ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ। ਹੁਣ ਪਾਰਟੀ ਨੇ ਟਿਕਟ ਦੇ ਦਿੱਤੀ ਤਾਂ ਉਹ 23 ਮਈ ਤੱਕ ਸਮਾਂ ਲੰਘਾਉਣ ਲਈ ਬਠਿੰਡਾ ਪਹੁੰਚ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਲਈ ਮੁੱਖ ਮੰਤਰੀ ਰਾਜਾ ਅਮਰਿੰਦਰ ਸਿੰਘ ਘੱਟ ਸੀ, ਜੋ ਕਾਂਗਰਸ ਨੇ ਇਕ ਹੋਰ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਲੋਕ ਸਭਾ ਦਾ ਉਮੀਦਵਾਰ ਬਣਾ ਦਿੱਤਾ। ਬੀਬਾ ਬਾਦਲ ਨੇ ਅੱਗੇ ਕਿਹਾ ਕਿ ਚੋਣਾਂ ਤੋਂ ਬਾਅਦ ਵੀ ਉਨ੍ਹਾਂ ਦਾ ਪਹਿਲਾ ਕੰਮ ਏਮਜ਼ ਪ੍ਰਾਜੈਕਟ ਨੂੰ ਸਿਰੇ ਚਾੜ੍ਹਨਾ ਰਹੇਗਾ, ਜਿਸ ਵਾਸਤੇ ਉਹ ਪਹਿਲਾਂ ਵੀ ਦਿਨ-ਰਾਤ ਲੱਗੇ ਰਹੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਲਟਕਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਿਨਾਂ ਮਨਜ਼ੂਰੀ ਵੀ ਇਸਦੀ ਉਸਾਰੀ ਕਰਵਾਉਣ 'ਚ ਲੱਗੇ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਇਸਦਾ ਜਵਾਬ ਮੰਗ ਰਹੇ ਹਨ, ਜੋ ਖਹਿਰਾ ਨੂੰ ਦੇਣਾ ਪਵੇਗਾ। ਅੱਜ ਬੀਬਾ ਬਾਦਲ ਨੇ ਪਿੰਡ ਜੈ ਸਿੰਘ ਵਾਲਾ, ਘੁੱਦਾ, ਰਾਏਕੇ, ਜੋਧਪੁਰ ਆਦਿ ਪਿੰਡਾਂ ਦਾ ਵੀ ਦੌਰਾ ਕੀਤਾ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਨ੍ਹਾਂ ਥਾਵਾਂ 'ਤੇ 100 ਤੋਂ ਵੀ ਜ਼ਿਆਦਾ ਵਰਕਰ ਕਾਂਗਰਸ ਤੇ 'ਆਪ' ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ, ਜਿਨ੍ਹਾਂ ਨੂੰ ਬੀਬਾ ਬਾਦਲ ਨੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਵੀ ਕੀਤਾ।