ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਕੋਲ ਯੂਰੀਆ ਤੁਰੰਤ ਪੁੱਜਦਾ ਕਰੇ : ਹਰਸਿਮਰਤ

Tuesday, Nov 24, 2020 - 02:00 AM (IST)

ਕੇਂਦਰ ਤੇ ਰਾਜ ਸਰਕਾਰ ਕਿਸਾਨਾਂ ਕੋਲ ਯੂਰੀਆ ਤੁਰੰਤ ਪੁੱਜਦਾ ਕਰੇ : ਹਰਸਿਮਰਤ

ਚੰਡੀਗੜ੍ਹ,(ਬਿਊਰੋ)– ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰ ਤੇ ਪੰਜਾਬ ਸਰਕਾਰ ਨੂੰ ਆਖਿਆ ਕਿ ਉਹ ਸੂਬੇ ਦੇ ਕਿਸਾਨਾਂ ਕੋਲ ਖਾਦਾਂ ਖਾਸ ਤੌਰ 'ਤੇ ਯੂਰੀਆ ਤੁਰੰਤ ਪੁੱਜਦਾ ਕਰਨ ਕਿਉਂਕਿ ਯੂਰੀਆ ਦੀ ਸਪਲਾਈ 'ਚ ਹੋਰ ਦੇਰੀ ਨਾਲ ਕਿਸਾਨਾਂ 'ਤੇ  ਬਹੁਤ ਮਾਰੂ ਅਸਰ ਪਵੇਗਾ ਅਤੇ ਇਸ ਨਾਲ ਕਣਕ ਦੀ ਪੈਦਾਵਾਰ 15 ਫੀਸਦੀ ਘੱਟ ਜਾਵੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਵੰਬਰ ਦੇ ਅੱਧ 'ਚ ਕਣਕ ਲਈ ਯੂਰੀਆ ਪਹਿਲੀ ਵਾਰ ਪਾਇਆ ਜਾਂਦਾ ਹੈ ਤਾਂ ਜੋ ਪੈਦਾਵਾਰ ਵਧਾਈ ਜਾ ਸਕੇ। ਉਹਨਾਂ ਕਿਹਾ ਕਿ ਸਮਾਂ ਤੇਜ਼ੀ ਨਾਲ ਲੰਘ ਰਿਹਾ ਹੈ ਤੇ ਇਸ ਗੱਲ ਦਾ ਕੋਈ ਯਕੀਨ ਨਹੀਂ ਕਿ ਲੋੜੀਂਦਾ ਯੂਰੀਆ ਕਦੋਂ ਮਿਲੇਗਾ ਕਿਉਂਕਿ ਰੇਲ ਸੇਵਾਵਾਂ ਕੱਲ ਤੋਂ ਸ਼ੁਰੂ ਹੋ ਰਹੀਆਂ ਹਨ ਤੇ 8 ਲੱਖ ਟਨ ਯੂਰੀਆ ਹਾਲੇ ਪੁੱਜਣਾ ਬਾਕੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕਾਂਗਰਸ ਸਰਕਾਰ ਸੁੱਤੀ ਰਹਿ ਗਈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੇੜਲੇ ਇਲਾਕਿਆਂ ਤੋਂ ਸੜਕੀ ਮਾਰਗ ਰਾਹੀਂ ਯੂਰੀਆ ਮੰਗਵਾਉਣ ਬਾਰੇ ਵਿਚਾਰ ਹੀ ਨਹੀਂ ਕੀਤਾ।

ਬਠਿੰਡਾ ਦੀ ਐੱਮ. ਪੀ. ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨੂੰ ਯੂਰੀਆ ਮਿਲਣਾ ਯਕੀਨੀ ਬਣਾਉਣ ਲਈ ਕੋਈ ਪਹਿਲਕਦਮੀ ਨਾ ਕਰਨ ਕਾਰਨ ਕਿਸਾਨਾਂ ਨੇ ਪਹਿਲਾਂ ਹੀ ਭਾਰੀ ਘਾਟਾ ਝੱਲਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਰਿਆਣਾ ਤੇ ਰਾਜਸਥਾਨ ਤੋਂ ਮਹਿੰਗੇ ਭਾਅ ਯੂਰੀਆ ਖਰੀਦਣਾ ਪਿਆ ਹੈ।


author

Deepak Kumar

Content Editor

Related News