ਹਰਸਿਮਰਤ ਬਾਦਲ ਨੂੰ ਚੋਣ ਮੈਦਾਨ 'ਚ ਟੱਕਰ ਦੇਣਗੀਆਂ 'ਵਿਧਵਾਵਾਂ'

Monday, Apr 29, 2019 - 09:34 AM (IST)

ਬਠਿੰਡਾ/ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਟੱਕਰ ਦੇਣ ਲਈ 2 ਵਿਧਵਾਵਾਂ ਚੋਣ ਮੈਦਾਨ 'ਚ ਕੁੱਦ ਗਈਆਂ ਹਨ। ਇਹ ਵਿਧਵਾਵਾਂ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ਨੂੰ ਸਿਆਸੀ ਪਾਰਟੀਆਂ ਦੇ ਏਜੰਡੇ 'ਚ ਸ਼ਾਮਲ ਕਰਾਉਣ ਲਈ ਬਠਿੰਡਾ ਤੋਂ ਚੋਣ ਲੜਨਗੀਆਂ। ਇਨ੍ਹਾਂ ਲਈ 'ਕਿਸਾਨ ਖੁਦਕੁਸ਼ੀ ਪੀੜਤ ਕਮੇਟੀ' ਨੇ 25 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਇਕੱਠੀ ਕੀਤੀ ਹੈ। ਇਹ ਰਕਮ ਕਮੇਟੀ ਨੇ ਘਰ-ਘਰ ਜਾ ਕੇ ਇਕੱਤਰ ਕੀਤੀ ਹੈ। ਸੋਮਵਾਰ ਨੂੰ ਇਨ੍ਹਾਂ ਵਿਧਵਾਵਾਂ ਦੀ ਨਾਮਜ਼ਦਗੀ ਲਈ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੀਆਂ 500 ਤੋਂ ਜ਼ਿਆਦਾ ਵਿਧਵਾਵਾਂ ਤੇ ਉਨ੍ਹਾਂ ਦੇ ਸਮਰਥਕ ਬਠਿੰਡਾ ਪੁੱਜਣਗੇ।

ਮਾਨਸਾ ਜ਼ਿਲੇ ਦੇ ਪਿੰਡ ਰੱਲਾ ਦੀ ਵੀਰਪਾਲ ਕੌਰ ਅਤੇ ਖਿਆਲਾ ਕਲਾਂ ਦੀ ਮਨਜੀਤ ਕੌਰ ਨੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦੇ ਨਾਲ-ਨਾਲ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਪੀਡੀਏ ਦੇ ਸੁਖਪਾਲ ਸਿੰਘ ਖਹਿਰਾ ਅਤੇ 'ਆਪ' ਦੀ ਬਲਜਿੰਦਰ ਕੌਰ ਨੂੰ ਚੁਣੌਤੀ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰੇ ਉਮੀਦਵਾਰ ਕਿਸਾਨ ਪਰਿਵਾਰਾਂ ਦੇ ਹੋਣ ਦੇ ਬਾਵਜੂਦ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਨਹੀਂ ਚੁੱਕ ਰਹੇ। 'ਕਿਸਾਨ ਖੁਦਕੁਸ਼ੀ ਪੀੜਤ ਕਮੇਟੀ' ਦੀ ਮੈਂਬਰ ਕਿਰਨਜੀਤ ਕੌਰ ਦਾ ਕਹਿਣਾ ਹੈ ਕਿ ਪੀੜਤ ਪਰਿਵਾਰਾਂ ਲਈ ਚੋਣਾਂ 'ਚ ਉਤਰਨਾ ਕੋਈ ਸੌਖਾ ਕੰਮ ਨਹੀਂ ਹੈ। ਜ਼ਮਾਨਤ ਦੀ ਰਕਮ ਕਿਸ ਤਰ੍ਹਾਂ ਇਕੱਠੀ ਕੀਤੀ ਹੈ, ਇਹ ਅਸੀਂ ਹੀ ਜਾਣਦੀਆਂ ਹਨ। ਉਨ੍ਹਾਂ ਕਿਹਾ ਕਿ ਅਜੇ ਤਾਂ ਸ਼ੁਰੂਆਤ ਹੈ ਅਤੇ ਇਹ ਲੜਾਈ ਜਿੱਤ ਜਾਂ ਹਾਰ ਦੀ ਨਹੀਂ, ਸਗੋਂ ਇਹ ਲੜਾਈ ਸਿਸਟਮ ਨਾਲ ਹੈ।


Babita

Content Editor

Related News