ਹਰਸਿਮਰਤ ਨੇ ਕਿਸਾਨੀ ਲਈ ਬਲੀ ਦਿੱਤਾ ਮੰਤਰੀ ਪਦ, ਢੀਂਡਸਾ ਦੇ ਅਕਾਲੀ ਦਲ ਦੀ ਵਿਗਾੜ ਸਕਦੈ ਰਫ਼ਤਾਰ

Saturday, Sep 19, 2020 - 01:00 PM (IST)

ਹਰਸਿਮਰਤ ਨੇ ਕਿਸਾਨੀ ਲਈ ਬਲੀ ਦਿੱਤਾ ਮੰਤਰੀ ਪਦ, ਢੀਂਡਸਾ ਦੇ ਅਕਾਲੀ ਦਲ ਦੀ ਵਿਗਾੜ ਸਕਦੈ ਰਫ਼ਤਾਰ

ਧਰਮਕੋਟ/ਜ਼ੀਰਾ (ਦਵਿੰਦਰ ਅਕਾਲੀਆਂ ਵਾਲਾ) : ਖੇਤੀ ਪ੍ਰਧਾਨ ਸੂਬੇ ਪੰਜਾਬ ਵਿਚ ਜਿੱਥੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਕਿਸਾਨ ਆਪਣੇ ਘਰਾਂ ਦੇ ਵਿਹੜੇ ਛੱਡ ਕੇ ਸੜਕਾਂ 'ਤੇ ਆ ਗਏ ਹਨ, ਉਥੇ ਹੀ ਪੰਜਾਬ ਦਾ ਸਿਆਸੀ ਮਹੌਲ ਵੀ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਕ ਦੂਸਰੇ ਉੱਪਰ ਤੋਹਮਤਾਂ ਦੀਆਂ ਤਲਵਾਰਾਂ ਵਰ੍ਹ ਰਹੀਆਂ ਹਨ। ਹਾਲ ਹੀ ਵਿਚ ਕੇਂਦਰੀ ਖਾਦ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੰਤਰੀ ਮੰਡਲ ਨੂੰ ਛੱਡ ਕੇ ਪੰਜਾਬ ਦੇ ਸਿਆਸੀ ਮਾਹੌਲ ਨੂੰ ਹੋਰ ਵੀ ਬਦਲ ਕੇ ਰੱਖ ਦਿੱਤਾ ਹੈ। ਬੀਬਾ ਬਾਦਲ ਦਾ ਇਹ ਫ਼ੈਸਲਾ ਜਿਥੇ ਸ਼੍ਰੋਮਣੀ ਅਕਾਲੀ ਦਲ ਨੂੰ ਤਕੜੇ ਕਰਨ ਅਤੇ ਪੰਜਾਬ ਦੇ ਕਿਸਾਨਾਂ ਦਾ ਵਿਸ਼ਵਾਸ ਜਿੱਤਣ ਵਾਲਾ ਹੈ, ਉਥੇ ਹੀ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਬਣਾਏ ਗਏ ਅਕਾਲੀ ਦਲ ਡੈਮੋਕ੍ਰੇਟਿਵ ਨੂੰ ਕੇਂਦਰ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਅਸ਼ੀਰਵਾਦ ਦੀਆਂ ਚਰਚਾਵਾਂ ਨੂੰ ਵੀ ਥੰਮ ਦਿੱਤਾ ਹੈ।

ਇਹ ਵੀ ਪੜ੍ਹੋ :  ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ 'ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਵੱਡਾ ਬਿਆਨ

ਕੁਝ ਮਹੀਨੇ ਪਹਿਲਾਂ ਹੋਂਦ ਵਿਚ ਆਏ ਇਸ ਅਕਾਲੀ ਦਲ ਵਿਚ ਜਿਥੇ ਬਾਦਲ ਦਲ ਦੇ ਕਈ ਆਗੂ ਸ਼ਾਮਲ ਹੋਏ ਸਨ, ਉੱਥੇ ਹੀ ਇਹ ਚਰਚਾ ਵੀ ਜਾਰੀ ਸੀ ਕਿ ਆਉਣ ਵਾਲੇ ਸਮੇਂ ਵਿਚ ਕਈ ਵੱਡੇ ਆਗੂ ਇਸ ਵਿਚ ਸ਼ਾਮਲ ਹੋਣਗੇ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਸ਼ੀਰਵਾਦ ਨਾਲ ਪੰਜਾਬ ਵਿਚ ਅਕਾਲੀ ਦਲ ਡੈਮੋਕ੍ਰੇਟ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ਬਣਾਏਗੀ ਇਹ ਗੱਲ ਲੋਕਾਂ ਦੇ ਮਨ ਵਿਚ ਕਾਫੀ ਹੱਦ ਤੱਕ ਉੱਤਰ ਵੀ ਆਈਆਂ ਸਨ ਕਿਉਂਕਿ ਜਿਸ ਰਫ਼ਤਾਰ ਨਾਲ ਬਾਦਲ ਦਲ ਤੋਂ ਨਿਰਾਸ਼ ਆਗੂ ਇਸ ਵਿਚ ਸ਼ਾਮਲ ਹੋ ਰਹੇ ਸਨ ਉਹ ਵਕਤੀ ਤੌਰ 'ਤੇ ਪੈਦਾ ਹੋ ਰਹੀਆਂ ਚਰਚਾਵਾਂ ਦਾ ਕਾਰਣ ਹੀ ਸੀ।

ਇਹ ਵੀ ਪੜ੍ਹੋ :  ਹਰਸਿਮਰਤ ਦੇ ਅਸਤੀਫ਼ੇ ਤੋਂ ਬਾਅਦ ਸਿੱਧੂ ਦੀ ਐਂਟਰੀ, 14 ਮਹੀਨਿਆਂ ਬਾਅਦ ਟਵਿੱਟਰ 'ਤੇ ਕੱਢੀ ਭੜਾਸ

ਬੀਬਾ ਬਾਦਲ ਦੇ ਅਸਤੀਫ਼ੇ ਨਾਲ ਜਿਥੇ ਉਨ੍ਹਾਂ ਕਿਸਾਨੀ ਦਾ ਮਨ ਜਿੱਤਿਆ ਹੈ, ਉੱਥੇ ਢੀਂਡਸਾ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਲਈ ਬੰਨ੍ਹ ਮਾਰ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਸਕੱਤਰ ਬਲਵੰਤ ਸਿੰਘ ਬ੍ਰਾਹਮਕੇ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਹੁਣ ਤੱਕ ਕਿਸਾਨੀ ਦੇ ਹਕ ਵਿਚ ਫ਼ੈਸਲੇ ਲੈਂਦਾ ਆ ਰਿਹਾ ਹੈ ਅਤੇ ਹਰ ਪੱਖ ਤੋਂ ਅਕਾਲੀ ਦਲ ਬਾਦਲ ਸਮਰੱਥਾਵਾਨ ਹੈ। ਆਰਡੀਨੈਂਸਾਂ ਦੇ ਮੁੱਦੇ ਨੂੰ ਲੈ ਕੇ ਅਕਾਲੀ ਦਲ ਨੂੰ ਕਿਸਾਨੀ ਤੋਂ ਕਈ ਤੋਹਮਤਾਂ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਕਿਸਾਨੀ ਧਿਰਾਂ ਨੂੰ ਭਾਜਪਾ ਨਾਲ ਬਾਦਲ ਧੜੇ ਦੀ ਸਾਂਝ ਹਜ਼ਮ ਨਹੀਂ ਸੀ ਹੋ ਰਹੀ। ਜੇਕਰ ਸੁਖਦੇਵ ਸਿੰਘ ਢੀਂਡਸਾ ਭਵਿੱਖ ਵਿਚ ਖੁੱਲ੍ਹੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕੋਈ ਥਾਪੜਾ ਲੈਂਦੇ ਤਾਂ ਲੋਕ ਉਸ ਨੂੰ ਕਿਵੇਂ ਕਬੂਲ ਕਰਦੇ? ਇਸ ਤੋਂ ਇਹ ਸਪੱਸ਼ਟ ਵੀ ਹੋ ਗਿਆ ਹੈ ਕਿ ਬੀਬਾ ਬਾਦਲ ਦੇ ਅਸਤੀਫ਼ੇ ਨਾਲ ਅਕਾਲੀ ਦਲ ਬਾਦਲ 'ਤੇ ਉੱਠ ਰਹੀਆਂ ਵਿਰੋਧੀ ਸੁਰਾਂ ਠੰਢੀਆਂ ਪੈ ਜਾਣਗੀਆਂ, ਉੱਥੇ ਅਕਾਲੀ ਦਲ ਡੈਮੋਕ੍ਰੇਟ ਦੀ ਰਫ਼ਤਾਰ ਵੀ ਵਿਗੜ ਸਕਦੀ ਹੈ।

ਇਹ ਵੀ ਪੜ੍ਹੋ :  ਹੁਣ ਕੀ ਕਰਨਗੇ ਨਵਜੋਤ ਸਿੰਘ ਸਿੱਧੂ?

ਢੀਂਡਸਾ ਭਾਜਪਾ ਦੀਆਂ ਫੌੜ੍ਹੀਆਂ ਸਹਾਰੇ ਸਿਆਸੀ ਹੋਂਦ ਬਣਾ ਰਹੇ : ਜੌੜਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਕਮੇਟੀ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਕਿਹਾ ਕਿ ਅਕਾਲੀ ਦਲ ਡੈਮੋਕ੍ਰੇਟ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਭਾਜਪਾ ਦੀਆਂ ਫੌੜ੍ਹੀਆਂ ਦੇ ਸਹਾਰੇ ਪੰਜਾਬ ਵਿਚ ਸਿਆਸੀ ਹੋਂਦ ਬਣਾ ਰਹੇ ਹਨ ਪਰ ਜਿਹੜੀ ਪਾਰਟੀ ਸਿੱਖ ਅਤੇ ਕਿਸਾਨ ਵਿਰੋਧੀ ਹੋਵੇ, ਉਸ ਨੂੰ ਪੰਜਾਬੀ ਕਿਵੇਂ ਕਬੂਲ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਰੋਧੀ ਹੈ ਅਤੇ ਜਿਹੜੀ ਵੀ ਪਾਰਟੀ ਇਸ ਨਾਲ ਸਾਂਝ ਰੱਖੇਗੀ, ਉਹ ਵੀ ਇਸੇ ਕਤਾਰ ਵਿਚ ਮੰਨੀ ਜਾਵੇਗੀ।

ਇਹ ਵੀ ਪੜ੍ਹੋ :  ਅਕਾਲੀ ਦਲ ਨਾਲ ਗਠਜੋੜ 'ਤੇ ਪੰਜਾਬ ਭਾਜਪਾ ਪ੍ਰਧਾਨ ਦਾ ਦੋ ਟੁੱਕ 'ਚ ਜਵਾਬ

ਬੀਬਾ ਬਾਦਲ ਕਿਸਾਨਾਂ ਦੇ ਵਿਸ਼ਵਾਸ 'ਤੇ ਖਰਾ ਉੱਤਰੀ : ਅਵਤਾਰ ਜ਼ੀਰਾ
ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਕਿਸਾਨ ਹਮੇਸ਼ਾ ਹੀ ਸਭ ਤੋਂ ਵੱਧ ਉਮੀਦ ਸ਼੍ਰੋਮਣੀ ਅਕਾਲੀ ਦਲ ਉਤੇ ਹੀ ਰੱਖਦੇ ਆਏ ਹਨ, ਬੀਬਾ ਬਾਦਲ ਇਨ੍ਹਾਂ ਉਮੀਦਾਂ 'ਤੇ ਵਿਸ਼ਵਾਸ ਉੱਤੇ ਖਰਾ ਉਤਰੀ ਹੈ, ਜਿਸ ਨਾਲ ਉਨ੍ਹਾਂ ਕਿਸਾਨਾਂ ਦੇ ਇਸ ਭਰੋਸੇ ਕੋਈ ਠੇਸ ਨਹੀਂ ਪਹੁੰਚਣ ਦਿੱਤੀ। ਅਸੀਂ ਭਵਿੱਖ ਵਿਚ ਵੀ ਬਾਦਲ ਪਰਿਵਾਰ ਤੋਂ ਅਜਿਹੀ ਆਸ ਰੱਖਦੇ ਹਾਂ।

ਇਹ ਵੀ ਪੜ੍ਹੋ :  ਖੇਤੀ ਆਰਡੀਨੈਂਸ 'ਤੇ ਕੈਪਟਨ ਦੀ ਭਾਜਪਾ ਨੂੰ ਤਾੜਨਾ, ਕਿਹਾ ਪਾਕਿ ਵਿਗਾੜ ਸਕਦੈ ਮਾਹੌਲ

ਬੀਬਾ ਬਾਦਲ ਨੇ ਕਿਸਾਨੀ ਤ੍ਰਾਸਦੀ ਨੂੰ ਪਹਿਚਾਣਿਆ : ਬ੍ਰਾਹਮਕੇ
ਬਲਵੰਤ ਸਿੰਘ ਬ੍ਰਾਹਮਕੇ ਸਕੱਤਰ ਕਿਸਾਨ ਯੂਨੀਅਨ ਮਾਨ ਨੇ ਕਿਹਾ ਕਿ ਬੀਬਾ ਬਾਦਲ ਵਲੋਂ ਜੋ ਕਿਸਾਨੀ ਹਿੱਤਾਂ ਲਈ ਸਖਤ ਸਟੈਂਡ ਲਿਆ ਗਿਆ ਹੈ, ਅਸੀਂ ਉਸ ਦਾ ਸਵਾਗਤ ਕਰਦੇ ਹਾਂ ਕਿਉਂਕਿ ਉਨ੍ਹਾਂ ਵਕਤ ਦੀ ਕਿਸਾਨੀ ਤਰਾਸਦੀ ਨੂੰ ਪਹਿਚਾਣਿਆ ਹੈ।

ਇਹ ਵੀ ਪੜ੍ਹੋ :  ਅਕਾਲੀ ਦਲ ਨਾਲ ਗਠਜੋੜ 'ਤੇ ਪੰਜਾਬ ਭਾਜਪਾ ਪ੍ਰਧਾਨ ਦਾ ਦੋ ਟੁੱਕ 'ਚ ਜਵਾਬ


author

Gurminder Singh

Content Editor

Related News