ਖੇਤੀ ਕਾਨੂੰਨਾਂ ਦੀ ਵਾਪਸੀ ਦੇ ਐਲਾਨ ਮਗਰੋਂ MSP ਨੂੰ ਲੈ ਕੇ ਕੇਂਦਰ ਨੂੰ ਹਰਸਿਮਰਤ ਬਾਦਲ ਨੇ ਕੀਤੀ ਇਹ ਅਪੀਲ
Friday, Nov 19, 2021 - 06:01 PM (IST)
ਚੰਡੀਗੜ੍ਹ (ਬਿਊਰੋ)-ਸੰਸਦ ਮੈਂਬਰ ਹਰਸਿਮਰਤ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਵਧਾਈਆਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ’ਤੇ ਵੱਡਾ ਬਿਆਨ ਦਿੱਤਾ । ਬੀਬਾ ਬਾਦਲ ਨੇ ਕਿਹਾ ਕਿ ਅੱਜ ਦੇ ਇਸ ਪਾਵਨ ਦਿਹਾੜੇ ’ਤੇ ਗੁਰੂ ਸਾਹਿਬ ਨੇ ਕੇਂਦਰ ਸਰਕਾਰ ਨੂੰ ਸੁਮੱਤ ਬਖ਼ਸ਼ੀ ਤੇ ਉਸ ਨੇ ਇਹ ਕਾਨੂੰਨ ਵਾਪਸ ਲਏ। ਉਨ੍ਹਾਂ ਕਿਹਾ ਕਿ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਸਾਡੇ ਕਿਸਾਨ ਇਕ ਸਾਲ ਤੋਂ ਦਿੱਲੀ ਦੀਆਂ ਸੜਕਾਂ ’ਤੇ ਤਪਦੀ ਗਰਮੀ ਤੇ ਮੀਂਹਾਂ ਦੀ ਪ੍ਰਵਾਹ ਨਾ ਕਰਦਿਆਂ ਡਟੇ ਹੋਏ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਤੁਹਾਨੂੰ ਇਹ ਕਾਲੇ ਕਾਨੂੰਨ ਲਿਆਉਣ ਦੀ ਲੋੜ ਹੀ ਨਾ ਪੈਂਦੀ, ਜੇ ਤੁਸੀਂ ਇਸ ਤੋਂ ਇਲਾਵਾ ਇਕ ਐੱਮ. ਐੱਸ. ਪੀ. ਦਾ ਕਾਨੂੰਨ ਲਿਆਉਂਦੇ । ਤੁਸੀਂ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲੀਗਲ ਡਾਕਿਊਮੈਂਟ ਬਣਾ ਕੇ, ਉਨ੍ਹਾਂ ਦੀ ਰਾਈਟ ਬਣਾ ਦਿਓ ਕਿ ਸਮਰਥਨ ਮੁੱਲ ਤੋਂ ਘੱਟ ਕੋਈ ਫਸਲ ਕਿਸਾਨ ਤੋਂ ਖਰੀਦ ਹੀ ਨਹੀਂ ਸਕਦਾ, ਜੇ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਮਿਲਣ ਲੱਗ ਜਾਵੇ, ਫੇਰ ਭਾਵੇਂ ਉਹ ਛੋਟਾ ਕਿਸਾਨ ਹੋਵੇ ਜਾਂ ਵੱਡਾ ਕਿਸਾਨ ਹੋਵੇ, ਛੋਟਾ ਕਿਸਾਨ ਵੀ ਆਤਮ-ਸਨਮਾਨ ਨਾਲ ਆਪਣੀ ਜ਼ਿੰਦਗੀ ਜੀਅ ਸਕੇਗਾ। ਉਹ ਹੱਥ ਫੈਲਾਅ ਕੇ ਕਿਸੇ ਉੱਤੇ ਨਿਰਭਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਤੁਸੀਂ ਅਸਲ ’ਚ ਕਿਸਾਨਾਂ ਦੇ ਹਮਦਰਦ ਹੋ, ਫਿਰ ਤੁਸੀਂ ਐੱਮ. ਐੱਸ. ਪੀ. ਨੂੰ ਇਕ ਲੀਗਲ ਰਾਈਟ ਬਣਾਉਣ ਵਾਸਤੇ ਪਾਰਲੀਮੈਂਟ ਸੈਸ਼ਨ ’ਚ ਲੈ ਕੇ ਆਓ, ਨਹੀਂ ਤਾਂ ਇਹ ਲੜਾਈ ਕਿਤੇ ਨਾ ਕਿਤੇ ਅਧੂਰੀ ਰਹੇਗੀ ਤੇ ਚੋਣਾਂ ਕਰਕੇ ਪ੍ਰੇਰਿਤ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਖੇਤੀ ਕਾਨੂੰਨ ਵਾਪਸ ਲੈਣ ’ਤੇ ਸੁਖਬੀਰ ਬਾਦਲ ਦਾ ਬਿਆਨ, ਕਿਹਾ-ਦੇਸ਼ ਦੇ ਕਿਸਾਨਾਂ ਦੀ ਹੋਈ ਵੱਡੀ ਜਿੱਤ
ਇਸ ਦੌਰਾਨ ਬੀਬਾ ਬਾਦਲ ਨੇ ਕਿਹਾ ਕਿ ਮੈਂ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੀ ਹਾਂ, ਜਿਨ੍ਹਾਂ ਨੇ ਇਸ ਕੌਮ ਨੂੰ ਬਲ ਬਖ਼ਸ਼ ਕੇ ਕਿਸਾਨਾਂ ਤੋਂ ਇਹ ਲੜਾਈ ਲੜਵਾਈ ਤੇ ਲੜਵਾ ਕੇ ਅੱਜ ਜਿੱਤ ਵੀ ਦਿਵਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਪਿੱਛੇ ਕੋਈ ਵੀ ਕਾਰਨ ਰਿਹਾ ਹੋਵੇ। ਉਨ੍ਹਾਂ ਕਿਹਾ ਕਿ ਸ਼ੁਕਰ ਹੈ ਕਿ ਕਿਸਾਨਾਂ ਦੀ ਗੱਲ ਮੰਨੀ ਗਈ। ਜਿਸ ਤਰ੍ਹਾਂ ਉਨ੍ਹਾਂ ਨੇ ਉਹ ਲੜਾਈ ਲੜੀ ਭਾਵੇਂ ਲਖੀਮਪੁਰ ਖੀਰੀ ’ਚ ਸਾਡੇ ਕਿਸਾਨਾਂ ਨੂੰ ਗੱਡੀਆਂ ਨਾਲ ਕੁਚਲ ਦਿੱਤਾ ਗਿਆ ਤੇ ਅੱਜ ਤਕ ਉਸ ਮੰਤਰੀ ਨੂੰ ਬਰਖਾਸਤ ਤਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਵਾਸਤੇ ਬਹੁਤ ਹੀ ਘਟੀਆ ਸ਼ਬਦਾਵਲੀ ਵਰਤੀ ਗਈ, ਉਨ੍ਹਾਂ ’ਤੇ ਡਾਂਗਾਂ ਵਰ੍ਹਾਈਆਂ ਪਰ ਉਹ ਡਟੇ ਰਹੇ ਤੇ ਕਾਨੂੰਨ ਵਾਪਸੀ ਦਾ ਉਨ੍ਹਾਂ ਦਾ ਮਕਸਦ ਅੱਜ ਗੁਰਪੁਰਬ ’ਤੇ ਪੂਰਾ ਹੋਇਆ।