ਸਾਬਕਾ ਫ਼ੌਜੀਆਂ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਰਾਜਨਾਥ ਨੂੰ ਲਿਖਿਆ ਪੱਤਰ, ਕੀਤੀ ਇਹ ਅਪੀਲ
Saturday, Jul 01, 2023 - 02:06 AM (IST)
ਚੰਡੀਗੜ੍ਹ (ਬਿਊਰੋ) : ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਸਾਬਕਾ ਫ਼ੌਜੀਆਂ ਦੀ ਪੈਨਸ਼ਨ, ਫੈਮਿਲੀ ਪੈਨਸ਼ਨ ਤੇ ਦਿਵਿਆਂਗਤਾ ਪੈਨਸ਼ਨ ਸਮੇਤ ਉਨ੍ਹਾਂ ਦੇ ਸਾਰੇ ਮਸਲੇ ਹਮਦਰਦੀ ਨਾਲ ਵਿਚਾਰ ਕੇ ਜਲਦੀ ਤੋਂ ਜਲਦੀ ਹੱਲ ਕੀਤੇ ਜਾਣ। ਰੱਖਿਆ ਮੰਤਰੀ ਨੂੰ ਲਿਖੇ ਪੱਤਰ ਵਿਚ ਬਠਿੰਡਾ ਦੇ ਐੱਮ. ਪੀ. ਨੇ ਕਿਹਾ ਕਿ ਉਨ੍ਹਾਂ ਨੂੰ ਸੈਨਿਕ ਵੈੱਲਫੇਅਰ ਏਕਤਾ ਸੁਸਾਇਟੀ ਤੇ ਐਕਸ ਸਰਵਿਸਮੈਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਤੋਂ ਮੰਗ ਪੱਤਰ ਪ੍ਰਾਪਤ ਹੋਏ ਹਨ, ਜੋ 20 ਫਰਵਰੀ ਤੋਂ ਆਪਣੀਆਂ ਮੰਗਾਂ ਦੇ ਹੱਲ ਲਈ ਸੰਘਰਸ਼ ਕਰ ਰਹੇ ਹਨ ਤੇ ਉਨ੍ਹਾਂ ਨੇ ਰੱਖਿਆ ਮੰਤਰੀ ਨੂੰ ਅਪੀਲ ਕੀਤੀ ਕਿ ਇਹ ਮਸਲੇ ਜਲਦ ਤੋਂ ਜਲਦ ਹੱਲ ਕੀਤੇ ਜਾਣ।
ਇਹ ਖ਼ਬਰ ਵੀ ਪੜ੍ਹੋ : ਮਿਸ ਯੂਨੀਵਰਸ ਰਹੀ ਹਰਨਾਜ਼ ਸੰਧੂ ਨੂੰ ਲੱਗਾ ਵੱਡਾ ਸਦਮਾ, ਪਿਤਾ ਦਾ ਦੇਹਾਂਤ
ਉਨ੍ਹਾਂ ਕਿਹਾ ਕਿ ਸਾਡੇ ਸਾਬਕਾ ਫੌਜੀ ਸਾਡਾ ਮਾਣ ਹਨ। ਉਨ੍ਹਾਂ ਵੱਲੋਂ ਆਪਣੀ ਧਰਤੀ ਮਾਂ ਲਈ ਦਿੱਤੀਆਂ ਜਾਂਦੀਆਂ ਸ਼ਹਾਦਤਾਂ ਦੀ ਕੋਈ ਬਰਾਬਰੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਇਹ ਸਮਾਜ ਵਜੋਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੇ ਬੁਢਾਪੇ ’ਚ ਉਨ੍ਹਾਂ ਦਾ ਖਿਆਲ ਰੱਖੀਏ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਬਕਾ ਫੌਜੀਆਂ ਨੇ ਪੈਨਸ਼ਨ, ਫੈਮਿਲੀ ਪੈਨਸ਼ਨ ਤੇ ਦਿਵਿਆਂਗਤਾ ਪੈਨਸ਼ਨਾਂ ਵਿਚ ਤਰੁੱਟੀਆਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਜੇ. ਸੀ. ਓ. ਤੇ ਜਵਾਨ ਪਹਿਲਾਂ ਸੇਵਾ ਮੁਕਤ ਹੋਏ ਹਨ, ਉਨ੍ਹਾਂ ਨੂੰ ਇਕ ਰੈਂਕ, ਇਕ ਪੈਨਸ਼ਨ ਦਾ ਲਾਭ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਨ੍ਹਾਂ ਦੀਆਂ ਪੈਨਸ਼ਨਾਂ ਗ਼ਲਤੀ ਔਸਤ ਦੇ ਆਧਾਰ ’ਤੇ ਤੈਅ ਕੀਤੀਆਂ ਗਈਆਂ ਹਨ, ਜਦਕਿ ਇਹ ਮਿਲੀ ਵੱਧ ਤੋਂ ਵੱਧ ਤਨਖਾਹ ਦੇ ਆਧਾਰ ’ਤੇ ਤੈਅ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਫੈਮਿਲੀ ਪੈਨਸ਼ਨ ਵੀ ਮੌਜੂਦਾ 60 ਫੀਸਦੀ ਦੀ ਹੱਦ ਤੋਂ ਵਧਾਏ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਬਕਾ ਫੌਜੀਆਂ ਨੇ ਜੇ. ਸੀ. ਓਜ਼ ਤੇ ਜਵਾਨਾਂ ਲਈ ਦਿਵਿਆਂਗਤਾ ਪੈਨਸ਼ਨਾਂ ਤੈਅ ਕਰਨ ਵਿਚ ਤਰੁੱਟੀਆਂ ਦਾ ਵੀ ਜ਼ਿਕਰ ਕੀਤਾ ਹੈ, ਜੋ ਦੂਰ ਕਰਨ ਦੀ ਲੋੜ ਹੈ।
ਇਹ ਖ਼ਬਰ ਵੀ ਪੜ੍ਹੋ : PM ਮੋਦੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਨੌਜਵਾਨ ਨੇ ਖ਼ੁਦ ਨੂੰ ਦੱਸਿਆ ਹਰਿਆਣਾ ਦਾ ਬਦਮਾਸ਼
ਉਨ੍ਹਾਂ ਸਾਹਮਣੇ ਪੇਸ਼ ਕੀਤੇ ਗਏ ਹੋਰ ਮਸਲਿਆਂ ਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਜੇ. ਸੀ. ਓ. ਤੇ ਜਵਾਨਾਂ ਨੂੰ ਅਫ਼ਸਰਾਂ ਦੇ ਮੁਕਾਬਲੇ ਉਨ੍ਹਾਂ ਨੂੰ ਝੱਲਣੀਆਂ ਪੈਂਦੀਆਂ ਮੁਸ਼ਕਿਲਾਂ ਦੇ ਲਿਹਾਜ਼ ਨਾਲ ਘੱਟ ਫੌਜੀ ਸੇਵਾ ਤਨਖਾਹ ਮਿਲ ਰਹੀ ਹੈ ਅਤੇ ਇਹ ਤਰੁੱਟੀ ਵੀ ਦੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਜੋਖ਼ਮ ਭਰੀਆਂ ਮੁਹਿੰਮਾਂ ਵਾਸਤੇ ਭੱਤਾ ਸਾਰੇ ਰੈਂਕਾਂ ਵਾਸਤੇ ਇਕ ਸਮਾਨ ਹੋਣਾ ਚਾਹੀਦਾ ਹੈ। ਬਾਦਲ ਨੇ ਫੈੱਡਰੇਸ਼ਨ ਆਫ ਵੈਟਰਨਜ਼ ਐਸੋਸੀਏਸ਼ਨ ਦੇ ਬੈਨਰ ਹੇਠ ਰੋਸ ਮੁਜ਼ਾਹਰਾ ਕਰ ਰਹੇ ਇਨ੍ਹਾਂ ਸਾਬਕਾ ਫੌਜੀਆਂ ਦੀਆਂ ਮੰਗਾਂ ਜਲਦੀ ਹੱਲ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਦੇਸ਼ ਦੇ ਹਿੱਤ ’ਚ ਵੀ ਹੋਵੇਗਾ ਕਿ ਸਾਬਕਾ ਫ਼ੌਜੀ ਆਪਣਾ ਧਰਨਾ ਛੇਤੀ ਤੋਂ ਛੇਤੀ ਖ਼ਤਮ ਕਰਨ।