ਕਾਂਗਰਸ ਦੀ ਅਕਾਲੀਆਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ : ਹਰਸਿਮਰਤ ਬਾਦਲ

03/27/2018 3:48:11 AM

ਬਠਿੰਡਾ(ਜ.ਬ.)-ਬੀਤੀ ਰਾਤ ਅਕਾਲੀ ਦਲ ਸ਼ਹਿਰੀ ਪ੍ਰਧਾਨ 'ਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਸ ਨੇ ਸ਼ੱਕੀ ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕੀ ਹੈ ਮਾਮਲਾ   : ਬੀਤੀ ਰਾਤ ਕਰੀਬ 8 ਵਜੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ ਕਿਸੇ ਕੰਮ ਲਈ ਬਾਜ਼ਾਰ 'ਚ ਗਏ ਸਨ, ਜਦੋਂ ਉਹ ਸਪੋਰਟਸ ਮਾਰਕੀਟ ਵਿਚ ਆਪਣੀ ਕਾਰ ਪਾਰਕ ਕਰ ਰਹੇ ਸਨ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਅਚਾਨਕ ਹਮਲਾ ਕਰ ਦਿੱਤਾ। ਸੁਧੀਰ ਬਾਂਸਲ ਦਾ ਕਹਿਣਾ ਹੈ ਕਿ ਹਮਲਾਵਰਾਂ ਕੋਲ ਡੰਡੇ, ਰਾਡ ਆਦਿ ਹਥਿਆਰ ਸਨ, ਜਿਨ੍ਹਾਂ ਨੇ ਉਸ ਨੂੰ ਢਾਹ ਕੇ ਕੁੱਟ-ਮਾਰ ਕੀਤੀ, ਜਦੋਂ ਇਕ ਹਮਲਾਵਰ ਰਾਡ ਨਾਲ ਉਸਦੇ ਸਿਰ 'ਤੇ ਵਾਰ ਕਰਨ ਵਾਲਾ ਸੀ ਤਾਂ ਇਕੱਤਰ ਹੋਏ ਦੁਕਾਨਦਾਰਾਂ ਨੇ ਰੌਲਾ ਪਾ ਕੇ ਉਸ ਨੂੰ ਰੋਕਿਆ। ਇਕੱਠ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਬਾਂਸਲ ਨੇ ਆਪਣੇ ਪੁੱਤਰ ਰਿਸ਼ਵ ਬਾਂਸਲ ਨੂੰ ਬੁਲਾਇਆ ਜੋ ਉਸ ਨੂੰ ਹਸਪਤਾਲ ਲੈ ਕੇ ਗਿਆ। ਬਾਂਸਲ ਨੇ ਦੱਸਿਆ ਕਿ ਹੋਰ ਸੱਟਾਂ ਤੋਂ ਇਲਾਵਾ ਉਸਦੀ ਅੱਖ, ਰੀੜ੍ਹ ਦੀ ਹੱਡੀ, ਦੋਵੇਂ ਲੱਤਾਂ ਤੇ ਇਕ ਉਂਗਲੀ 'ਤੇ ਫਰੈਕਚਰ ਵੀ ਹੈ। ਉਨ੍ਹਾਂ ਦੱਸਿਆ ਕਿ ਕਾਰੋਬਾਰ ਦੇ ਹਿਸਾਬ-ਕਿਤਾਬ ਨੂੰ ਲੈ ਕੇ ਹਿੱਸੇਦਾਰ ਨਾਲ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸ਼ੱਕ ਹੈ ਕਿ ਉਸਨੇ ਹੀ ਇਹ ਹਮਲਾ ਕਰਵਾਇਆ ਹੈ। 
ਕੀ ਕਹਿਣਾ ਹੈ ਪੁਲਸ ਅਧਿਕਾਰੀ ਦਾ  : ਥਾਣਾ ਕੋਤਵਾਲੀ ਦੇ ਮੁਖੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਸੁਧੀਰ ਬਾਂਸਲ ਦੇ ਬਿਆਨਾਂ 'ਤੇ ਉਸਦੇ ਕਾਰੋਬਾਰੀ ਹਿੱਸੇਦਾਰ ਰਜਿੰਦਰ ਕੁਮਾਰ ਤੇ ਉਸਦੇ ਪੁੱਤਰ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਦਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ।
ਕਾਂਗਰਸ ਜ਼ਬਰਦਸਤੀ ਕਰ ਰਹੀ ਹੈ : ਹਰਸਿਮਰਤ ਬਾਦਲ
ਹਸਪਤਾਲ 'ਚ ਦਾਖਲ ਸੁਧੀਰ ਬਾਂਸਲ ਦੀ ਖ਼ਬਰ ਲੈਣ ਪਹੁੰਚੇ ਕੇਂਦਰੀ ਮੰਤਰੀ ਹਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਥਾਣਿਆਂ ਰਾਹੀਂ ਧੱਕੇਸ਼ਾਹੀ ਕਰ ਰਹੀ ਹੈ। ਪਹਿਲਾਂ ਸ਼ਹਿ ਦੇ ਕੇ ਗੁੰਡੇ ਭੇਜੇ ਜਾਂਦੇ ਹਨ, ਫਿਰ ਥਾਣਿਆਂ 'ਚ ਕਾਰਵਾਈ ਨਹੀਂ ਹੋਣ ਦਿੱਤੀ ਜਾਂਦੀ ਕਿਉਂਕਿ ਬਿਨਾਂ ਸ਼ਹਿ ਤੋਂ ਕੋਈ ਵੀ ਵਿਅਕਤੀ ਇਸ ਤਰ੍ਹਾਂ ਸ਼ਰੇਆਮ ਕਿਸੇ ਵਪਾਰੀ 'ਤੇ ਹਮਲਾ ਨਹੀਂ ਕਰ ਸਕਦਾ।  ਅਕਾਲੀ ਵਰਕਰਾਂ ਨੂੰ ਡਰਾਉਣ ਖਾਤਰ ਹੀ ਸ਼ਹਿਰੀ ਪ੍ਰਧਾਨ 'ਤੇ ਹਮਲਾ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਅਕਾਲੀ ਦਲ ਸੜਕ 'ਤੇ ਉੱਤਰਨ ਲਈ ਮਜਬੂਰ ਹੋਵੇਗਾ। ਉਨ੍ਹਾਂ ਨਾਲ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ, ਮੇਅਰ ਬਲਵੰਤ ਰਾਏ ਨਾਥ ਤੇ ਹੋਰ ਆਗੂ ਵੀ ਮੌਜੂਦ ਸਨ।  


Related News