ਹਰਸਿਮਰਤ ਬਾਦਲ ਦੇ ਬਿਆਨ ’ਤੇ ਭੜਕੇ ਰਵਨੀਤ ਬਿੱਟੂ, ਕੀਤਾ ਪਲਟਵਾਰ
Friday, Jul 23, 2021 - 06:23 PM (IST)
ਚੰਡੀਗੜ੍ਹ (ਟੱਕਰ) : ਸ਼੍ਰੋਮਣੀ ਅਕਾਲੀ ਦਲ ਦੀ ਐੱਮ.ਪੀ. ਹਰਸਿਮਰਤ ਕੌਰ ਬਾਦਲ ਨੇ ਸੋਸ਼ਲ ਮੀਡੀਆ ’ਤੇ ਬਿਆਨ ਦਿੱਤਾ ਕਿ ਕਾਂਗਰਸ ਦੇ ਸਾਰੇ ਐੱਮ.ਪੀ. ਅੱਜ ਕਿਸਾਨ ਮੁੱਦੇ ਸੰਸਦ ਵਿਚ ਸੈਸ਼ਨ ਦੌਰਾਨ ਉਠਾਉਣ ਦੀ ਬਜਾਏ ਆਪਣੇ ਨਵੇਂ ਚੁਣੇ ਗਏ ਪ੍ਰਧਾਨ ਦੀ ਤਾਜਪੋਸ਼ੀ ਦਾ ਜਸ਼ਨ ਮਨਾਉਣ ਵਿਚ ਰੁਝੇ ਹੋਏ ਹਨ ਜਿਸ ’ਤੇ ਰਵਨੀਤ ਬਿੱਟੂ ਨੇ ਪਲਟਵਾਰ ਕੀਤਾ ਹੈ। ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਸੰਸਦ ’ਚੋਂ ਸੋਸ਼ਲ ਮੀਡੀਆ ’ਤੇ ਲਾਈਵ ਹੋ ਕਿ ਕਿਹਾ ਕਿ ਬੀਬੀ ਬਾਦਲ ਲੂੰਬੜੀ ਵਾਲੀ ਕੋਝੀ ਸਿਆਸਤ ਨਾ ਕਰੋ ਕਿਉਂ ਕਿ ਉਹ ਸੰਸਦ ਵਿਚ ਹੀ ਮੌਜੂਦ ਹਨ ਅਤੇ ਸਭ ਤੋਂ ਵੱਧ ਕਾਲੇ ਕਾਨੂੰਨ ਰੱਦ ਕਰਵਾ ਕੇ ਕਿਸਾਨਾਂ ਦੀ ਆਵਾਜ਼ ਉਠਾ ਰਹੇ ਹਨ। ਐੱਮ.ਪੀ. ਬਿੱਟੂ ਨੇ ਕਿਹਾ ਕਿ ਪਿਛਲੇ 7 ਮਹੀਨਿਆਂ ਤੋਂ ਜਿਸ ਤਰ੍ਹਾਂ ਕਿਸਾਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਟਿੱਕਰੀ, ਸਿੰਘੂ ਬਾਰਡਰ ਤੋਂ ਇਲਾਵਾ ਪੰਜਾਬ ਵਿਚ ਵੱਖ-ਵੱਖ ਥਾਵਾਂ ’ਤੇ ਧਰਨੇ ਦੇ ਰਹੇ ਹਨ ਉਸੇ ਤਰ੍ਹਾਂ ਕਾਂਗਰਸ ਦੇ ਐੱਮ.ਪੀ. ਵੀ ਦਿੱਲੀ ਜੰਤਰ-ਮੰਤਰ ਵਿਖੇ 7 ਮਹੀਨੇ ਤੋਂ ਇਕ ਝੁੱਗੀ ’ਚ ਬੈਠ ਕੇ ਕਿਸਾਨਾਂ ਦੇ ਹੱਕ ਲਈ ਆਵਾਜ਼ ਬੁਲੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਸਿੱਧੂ ਦੇ ਤਾਜਪੋਸ਼ੀ ਸਮਾਗਮ ’ਚ ਜਾਖੜ ਨੇ ਭਰੇ ਮੰਚ ’ਤੇ ਆਖੀਆਂ ਵੱਡੀਆਂ ਗੱਲਾਂ, ਸੁੱਖੀ ਰੰਧਾਵਾ ’ਤੇ ਦਿੱਤਾ ਇਹ ਬਿਆਨ
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਬਾਦਲ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਮਿਲਕੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਪਾਸ ਕਰਵਾਇਆ ਅਤੇ ਜਦੋਂ ਵਿਰੋਧ ਸ਼ੁਰੂ ਹੋਇਆ ਤਾਂ ਲੋਕਾਂ ਦਾ ਰੋਹ ਦੇਖਦਿਆਂ ਵਜ਼ਾਰਤ ਤੋਂ ਅਸਤੀਫ਼ਾ ਦੇਣ ਦਾ ਡਰਾਮਾ ਰਚਿਆ। ਐੱਮ.ਪੀ. ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕ ਪੁਰਾਣੀ ਪਾਰਟੀ ਹੈ ਅਤੇ ਉਸਦੀ ਐੱਮ.ਪੀ. ਹਰਸਿਮਰਤ ਕੌਰ ਬਾਦਲ ਝੂਠਾ ਬਿਆਨ ਦੇ ਕੇ ਕਿਸਾਨੀ ਮੁੱਦਿਆਂ ’ਤੇ ਬੜੀ ਹੀ ਕੋਝੀ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਕਾਂਗਰਸ ਦੇ ਸਾਰੇ ਐੱਮ.ਪੀਜ਼ ਦਾ ਕਨਵੀਨਰ ਹਾਂ ਅਤੇ ਨਾ ਅਸੀਂ ਕਦੇ ਕਿਸਾਨਾਂ ਦੇ ਮੁੱਦਿਆਂ ਤੋਂ ਪਿੱਛੇ ਹਟੇ ਤੇ ਨਾ ਹੀ ਹਟਾਂਗੇ ਪਰ ਬੀਬੀ ਬਾਦਲ ਨੇ ਤਾਂ ਮੋਦੀ ਨਾਲ ਬੈਠ ਕੇ ਇਹ ਖੇਤੀਬਾੜੀ ਕਾਨੂੰਨ ਲਾਗੂ ਕਰਵਾਏ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨੀ ਕਾਨੂੰਨਾਂ ਦੇ ਵਿਰੋਧ ਵਿਚ 5 ਮਿੰਟ ਵੀ ਸੰਸਦ ਨਹੀਂ ਚੱਲਣ ਦਿੱਤਾ ਪਰ ਤੁਸੀਂ 5 ਵਾਰ ਮੁੱਖ ਮੰਤਰੀ ਰਹੇ ਬਾਦਲ ਪਰਿਵਾਰ ਦੀ ਨੂੰਹ ਨੇ ਬਹੁਤ ਹਲਕੀ ਗੱਲ ਕਰ ਵਿਸ਼ਵਾਸ ਤੋੜਿਆ। ਉਨ੍ਹਾਂ ਕਿਹਾ ਕਿ ਜ਼ਰੂਰਤ ਸੀ ਕਿ ਅੱਜ ਪੰਜਾਬ ਦੇ ਸਾਰੇ ਐੱਮ.ਪੀਜ਼ ਇਕੱਠੇ ਹੋ ਕੇ ਕਿਸਾਨਾਂ ਲਈ ਲੜੀਈ ਲੜੀਏ ਪਰ ਤੁਸੀਂ ਹਮੇਸ਼ਾ ਗਲਤ ਬਿਆਨਬਾਜ਼ੀ ਕਰ ਸੱਤਾ ਦੀ ਭੁੱਖ ਹੀ ਦਿਖਾਈ ਹੈ।
ਇਹ ਵੀ ਪੜ੍ਹੋ : ਤਾਜਪੋਸ਼ੀ ਸਮਾਗਮ ’ਚ ਖੁੱਲ੍ਹ ਕੇ ਬੋਲੇ ਨਵਜੋਤ ਸਿੰਘ ਸਿੱਧੂ, ਛੱਡੇ ਚੌਕੇ-ਛਿੱਕੇ
ਐੱਮ.ਪੀ. ਬਿੱਟੂ ਨੇ ਕਿਹਾ ਕਿ ਬੀਬੀ ਬਾਦਲ ਆਪਣੇ ਬਿਆਨ ਨੂੰ ਦਰੁਸਤ ਕਰਨ ਕਿਉਂਕਿ ਉਹ ਅੱਜ ਸੰਸਦ ਵਿਚ ਮੌਜੂਦ ਹਨ ਅਤੇ ਉਨ੍ਹਾਂ ਵਲੋਂ ਲਗਾਏ ਗਏ ਇਲਜ਼ਾਮ ਝੂਠੇ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਬਿਆਨ ’ਤੇ ਲੋਕ ਹੁਣ ਹੱਸਣਗੇ ਅਤੇ ਅੱਗੇ ਤੋਂ ਗੰਭੀਰਤਾ ਨਾਲ ਨਹੀਂ ਲੈਣਗੇ ਕਿਉਂਕਿ ਕਿਸਾਨ ਮੁੱਦਿਆਂ ’ਤੇ ਤੁਸੀਂ ਹਲਕੀ ਸਿਆਸਤ ਦਾ ਨਮੂਨਾ ਪੇਸ਼ ਕੀਤਾ ਹੈ। ਐੱਮ.ਪੀ. ਬਿੱਟੂ ਨੇ ਇਹ ਵੀ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਖੇਤੀਬਾੜੀ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਸੋਮਵਾਰ 26 ਜੁਲਾਈ ਤੋਂ ਕਾਂਗਰਸ ਦੇ ਸਾਰੇ ਐੱਮ.ਪੀ. ਸੰਸਦ ਅੰਦਰ ਅਣਮਿੱਥੇ ਸਮੇਂ ਲਈ ਧਰਨਾ ਦੇਣਗੇ ਅਤੇ ਬਾਹਰ ਨਹੀਂ ਨਿਕਲਣਗੇ। ਉਨ੍ਹਾਂ ਕਿਹਾ ਕਿ ਸੰਸਦ ਅੰਦਰ ਇਹ ਧਰਨਾ ਕਾਲੇ ਕਾਨੂੰਨ ਰੱਦ ਕਰਨ ਤੱਕ ਜਾਰੀ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਤਾਜਪੋਸ਼ੀ ਦੌਰਾਨ ਮੰਚ ’ਤੇ ਕੀ ਬੋਲੇ ਕੈਪਟਨ ਅਮਰਿੰਦਰ ਸਿੰਘ
ਨੋਟ - ਰਵਨੀਤ ਬਿੱਟੂ ਦੇ ਬਿਆਨ ’ਤੇ ਕੀ ਹੈ ਤੁਹਾਡੀ ਪ੍ਰਤੀਕਿਰਿਆ, ਕੁਮੈਂਟ ਕਰਕੇ ਦੱਸੋ।