ਹਰਸਿਮਰਤ ਤੇ ਪਾਸਵਾਨ ਸੂਬੇ ਦੇ ਲੋਕਾਂ ਨੂੰ ਕਰ ਰਹੇ ਗੁੰਮਰਾਹ : ਕੈਪਟਨ

Friday, May 08, 2020 - 02:24 AM (IST)

ਚੰਡੀਗੜ੍ਹ, (ਅਸ਼ਵਨੀ)— ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਤੇ ਕੇਂਦਰੀ ਖੁਰਾਕ ਮੰਤਰੀ 'ਤੇ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਸਪਲਾਈ ਕੀਤੇ ਅਨਾਜ ਦੀ ਸੂਬੇ ਅੰਦਰ ਵੰਡ 'ਚ ਕਿਸੇ ਤਰ੍ਹਾਂ ਦੀ ਦੇਰੀ ਕੀਤੇ ਜਾਣ ਨੂੰ ਮੁੱਢੋਂ ਰੱਦ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਕੇਂਦਰ ਸਰਕਾਰ ਵਲੋਂ ਕੀਤੇ ਵਾਅਦੇ ਦੇ ਉਲਟ ਦਾਲ ਦੀ ਮਿਕਦਾਰ 50 ਫੀਸਦ ਘੱਟ ਮੁਹੱਈਆ ਕਰਵਾਈ ਗਈ ਹੈ, ਜਿਸ ਦੀ ਅਣਹੋਂਦ ਕਾਰਨ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਣਕ ਦੀ ਵੰਡ ਵੀ ਨਹੀਂ ਕੀਤੀ ਜਾ ਸਕੀ। ਮੁੱਖ ਮੰਤਰੀ ਵਲੋਂ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਰਾਮ ਵਿਲਾਸ ਪਾਸਵਾਨ ਵਲੋਂ ਕੀਤੇ ਟਵੀਟ ਦਾ ਜਵਾਬ ਦਿੱਤਾ ਗਿਆ, ਜਿਸ 'ਚ ਕੇਂਦਰੀ ਮੰਤਰੀ ਨੇ ਕੇਂਦਰ ਸਰਕਾਰ ਵਲੋਂ ਉਪਲਬਧ ਕਰਵਾਏ ਗਏ ਰਾਸ਼ਨ ਦੀ ਸੂਬੇ ਅੰਦਰ ਵੰਡ ਲਈ ਆਖਿਆ ਗਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਦੇ ਨਿਰਦੇਸ਼ਾਂ ਅਨੁਸਾਰ ਕਰਫਿਊ/ਲੌਕਡਾਊੁਨ ਦੌਰਾਨ ਯੋਗ ਲਾਭਪਾਤਰੀਆਂ ਨੂੰ ਕਣਕ ਅਤੇ ਦਾਲ ਦੀ ਵੰਡ ਕੀਤੀ ਜਾਣੀ ਸੀ ਪਰ ਸੱਚਾਈ ਇਹ ਹੈ ਕਿ ਸੂਬੇ ਦੇ ਗੁਦਾਮਾਂ ਅੰਦਰ ਕਣਕ ਪਹਿਲਾਂ ਹੀ ਚੋਖੀ ਮਿਕਦਾਰ 'ਚ ਪਈ ਹੈ ਜਦੋਂਕਿ ਕੇਂਦਰ ਵਲੋਂ ਦਾਲਾਂ ਦੀ ਲੋੜੀਂਦੀ ਸਪਲਾਈ ਨਹੀਂ ਕੀਤੀ ਜਾ ਰਹੀ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਖਰੀਦ ਕੀਤੇ ਅਨਾਜ ਦੀ ਢੁਆਈ ਨੂੰ ਤੇਜ਼ ਕਰਨ ਲਈ ਲਗਾਤਾਰ ਕੇਂਦਰੀ ਮੰਤਰੀ ਪਾਸਵਾਨ ਨਾਲ ਰਾਬਤਾ ਰੱਖ ਰਹੇ ਹਨ। ਉਨ੍ਹਾਂ ਆਪਣੀ ਮੰਗ ਨੂੰ ਦੁਹਰਾਇਆ ਕਿ ਕੇਂਦਰ ਸਰਕਾਰ ਅਨਾਜ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਅਨਾਜ ਨੂੰ ਜਲਦ ਚੁੱਕੇ । ਕੇਂਦਰੀ ਅਨਾਜ ਦੀ ਵੰਡ ਦੇ ਮਾਮਲੇ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਖੁਦ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਕੀਤੇ ਗਏ ਦਾਅਵਿਆਂ ਦੇ ਉਲਟ ਪੰਜਾਬ ਨੂੰ 1 ਮਈ, 2020 ਤੱਕ ਕੇਂਦਰ ਵਲੋਂ 10,800 ਮੀਟ੍ਰਿਕ ਟਨ ਦਾਲ ਦੇ ਕੀਤੇ ਵਾਅਦੇ ਦੀ ਥਾਂ ਕੇਵਲ 2500 ਮੀਟ੍ਰਿਕ ਟਨ ਹੀ ਮੁਹੱਈਆ ਕਰਵਾਈ ਗਈ।

ਲੌਕਡਾਊਨ ਦਰਮਿਆਨ ਜ਼ਿੰਦਾ ਰਹਿਣ ਲਈ ਸੰਘਰਸ਼ ਕਰਦੇ ਲੋਕਾਂ ਦੀਆਂ ਫੌਰੀ ਲੋੜਾਂ ਦੀ ਪੂਰਤੀ ਵਾਸਤੇ ਸੂਬਾ ਸਰਕਾਰ ਨੇ ਸੁੱਕੇ ਰਾਸ਼ਨ ਦੇ 15 ਲੱਖ ਪੈਕੇਟ ਵੰਡਣ ਲਈ ਆਪਣੇ ਬਜਟ 'ਚੋਂ ਖਰਚਾ ਕੀਤਾ ਹੈ ਅਤੇ ਹਰੇਕ ਪੈਕੇਟ 'ਚ 10 ਕਿਲੋ ਆਟਾ, 2 ਕਿਲੋ ਦਾਲ ਅਤੇ 2 ਕਿਲੋ ਖੰਡ ਵੰਡੀ ਗਈ ਹੈ। ਕੈਪਟਨ ਨੇ ਅੱਗੇ ਕਿਹਾ ਕਿ ਕੌਮੀ ਖੁਰਾਕ ਸੁਰੱਖਿਆ ਐਕਟ ਹੇਠ ਹਰੇਕ ਲਾਭਪਾਤਰੀ ਨੂੰ ਪ੍ਰਤੀ ਮਹੀਨਾ 5 ਕਿਲੋ ਕਣਕ ਦਿੱਤੀ ਜਾ ਰਹੀ ਹੈ ਪਰ ਪੰਜਾਬ 'ਚ ਸਰਕਾਰ ਇਕੋ ਵਾਰ ਹੀ 6 ਮਹੀਨਿਆਂ ਦੀ ਕਣਕ ਵੰਡ ਦਿੰਦੀ ਹੈ, ਜਿਸ ਨਾਲ ਹਰੇਕ ਪਰਿਵਾਰ ਦੇ ਮੈਂਬਰ ਨੂੰ 30 ਕਿੱਲੋ ਕਣਕ ਮਿਲ ਜਾਂਦੀ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਬਦਕਿਸਮਤੀ ਨਾਲ ਦਾਲ ਦੀ ਅਣਹੋਂਦ ਹੋਣ ਕਰਕੇ ਕੇਂਦਰੀ ਪੂਲ ਦੀ ਕਣਕ ਵੀ ਨਹੀਂ ਵੰਡੀ ਜਾ ਸਕੀ ਕਿਉਂ ਜੋ ਡਿਪੂ ਹੋਲਡਰ 10-15 ਦਿਨ ਦੇ ਸਮੇਂ ਅੰਦਰ ਕਣਕ ਤੇ ਦਾਲ ਵੰਡਣ ਲਈ ਲਾਭਪਾਤਰੀਆਂ ਨੂੰ 2 ਵਾਰ ਬੁਲਾ ਕੇ ਇਕੱਤਰ ਨਹੀਂ ਕਰ ਸਕਦੇ ਸਨ ਕਿਉਂਕਿ ਇਸ ਨਾਲ ਰਾਸ਼ਨ ਡਿਪੂਆਂ ਦੇ ਬਾਹਰ ਭੀੜ ਜਮ੍ਹਾਂ ਹੋ ਜਾਣੀ ਸੀ। ਅਮਰਿੰਦਰ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਣਕ ਨਾਲ ਵੰਡੀ ਜਾਣ ਵਾਲੀ ਦਾਲ ਦੀ ਸਮੇਂ ਸਿਰ ਸਪਲਾਈ ਯਕੀਨੀ ਬਣਾਉਣੀ ਚਾਹੀਦੀ ਸੀ। ਮੁੱਖ ਮੰਤਰੀ ਨੇ ਹਰਸਿਮਰਤ ਨੂੰ ਆਪਣੇ ਬੇਬੁਨਿਆਦ ਦਾਅਵਿਆਂ ਅਤੇ ਦੋਸ਼ਾਂ ਰਾਹੀਂ ਕੇਂਦਰ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਦੇ ਇਨ੍ਹਾਂ ਖੋਖਲੇ ਦਾਅਵਿਆਂ ਦਾ ਉਦੇਸ਼ ਅਕਾਲੀਆਂ ਦੇ ਹਿੱਤ ਪੂਰਨੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਪਿਛਲੇ ਕੁਝ ਹਫਤਿਆਂ ਤੋਂ ਕੋਵਿਡ ਦੇ ਗੰਭੀਰ ਮਸਲੇ 'ਤੇ ਵੀ ਸੌੜੀ ਸਿਆਸਤ ਖੇਡ ਰਹੇ ਹਨ।


KamalJeet Singh

Content Editor

Related News