ਹਰਸਿਮਰਤ ਦੀ ਕੁਰਸੀ ਬਚਾਉਣ ਲਈ ਬਾਦਲ ਪਰਿਵਾਰ ਕਰ ਰਿਹੈ ਪੰਜਾਬੀਆਂ ਨਾਲ ਗੱਦਾਰੀ : ਸੰਧਵਾਂ

07/15/2020 5:48:05 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) : ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸੁਖਨਾ ਦੀ ਅਗਵਾਈ ਹੇਠ ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ' ਦੇ ਗ੍ਰਹਿ ਵਿਖੇ ਹੋਈ। ਇਸ ਵਿਚ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੋਟਕਪੂਰਾ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ ਹਲਕਾ ਸ੍ਰੀ ਮੁਕਤਸਰ ਸਾਹਿਬ ਦੀ ਕਿਸਾਨ ਵਿੰਗ ਦੇ ਅਹੁਦੇਦਾਰਾਂ ਦੀ ਸੂਚੀ ਵੀ ਜਾਰੀ ਕੀਤੀ ਗਈ। ਮੀਟਿੰਗ ਦੇ ਸ਼ੁਰੂਆਤ 'ਚ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਵੱਲੋਂ ਜਾਰੀ ਕੀਤੀ ਗਈ ਸੂਚੀ ਦੌਰਾਨ ਸੁਰਜੀਤ ਸਿੰਘ ਲੁਬਾਣਿਆਂਵਾਲੀ ਨੂੰ ਕਿਸਾਨ ਵਿੰਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਾਈਸ ਪ੍ਰਧਾਨ ਬਣਾਇਆ ਗਿਆ ਜਦਕਿ ਜਸਪਾਲ ਸਿੰਘ ਧਾਲੀਵਾਲ ਥਾਂਦੇਵਾਲਾ, ਗੁਰਦੀਪ ਸਿੰਘ ਪ੍ਰਧਾਨ ਥਾਂਦੇਵਾਲਾ ਤੇ ਜਗਸੀਰ ਸਿੰਘ ਜੰਮੂਆਣਾ ਨੂੰ ਜਨਰਲ ਸਕੱਤਰ, ਨਰਿੰਦਰ ਸਿੰਘ ਖੱਪਿਆਂਵਾਲੀ, ਸੋਹਣ ਸਿੰਘ ਬਧਾਈ ਅਤੇ ਜਸਵਿੰਦਰ ਸਿੰਘ ਰਾਜੂ ਸਰਾਏਨਾਗਾ ਨੂੰ ਜੁਆਇੰਟ ਸਕੱਤਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਿਯੁਕਤ ਕੀਤਾ ਗਿਆ।ਇਸ ਤੋਂ ਇਲਾਵਾ ਨੋਨੀ ਗੋਨਿਆਣਾ, ਡਾ. ਕੁਲਵੀਰ ਸਿੰਘ ਅਕਾਲਗੜ੍ਹ ਤੇ ਸ਼ਮਸ਼ੇਰ ਸਿੰਘ ਵੜਿੰਗ ਨੂੰ ਬਲਾਕ ਪ੍ਰਧਾਨ ਥਾਪਿਆ ਗਿਆ। 

ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਪਿਛਲੇ ਦਿਨੀਂ ਬਾਦਲ ਪਰਿਵਾਰ ਦੀ ਭਾਈਵਾਲੀ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਲਿਆਂਦੇ ਗਏ ਹਨ ਜਿਨ੍ਹਾਂ ਰਾਹੀਂ ਖੇਤੀ ਸੰਬੰਧੀ ਮਸਲਿਆਂ ਨੂੰ ਸੂਬੇ ਦੇ ਅਧਿਕਾਰ ਖਤਮ ਕਰਕੇ ਸੈਂਟਰ ਦੇ ਅਧੀਨ ਲਿਆਂਦਾ ਜਾ ਰਿਹਾ ਹੈ। ਵਿਧਾਇਕ ਸੰਧਵਾਂ ਨੇ ਆਖਿਆ ਕਿ 20 ਜੁਲਾਈ ਤੱਕ ਪਿੰਡ ਪਿੰਡ ਕੇਂਦਰ, ਬਾਦਲ ਤੇ ਕਾਂਗਰਸ ਦੇ ਪੁੱਤਲੇ ਫੂਕ ਪ੍ਰਦਰਸ਼ਨ ਕੀਤੇ ਜਾਣ ਅਤੇ 20 ਜੁਲਾਈ ਨੂੰ ਡੀ.ਸੀ ਦਫਤਰ ਮੂਹਰੇ ਟਰੈਕਟਰਾਂ 'ਤੇ ਝੰਡੇ ਲਗਾ ਕੇ ਉਕਤ ਆਰਡੀਨੈਂਸਾਂ ਦਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਹਲਕਾ ਪ੍ਰਧਾਨ ਜਗਦੀਪ ਸਿੰਘ 'ਕਾਕਾ ਬਰਾੜ' ਨੇ ਆਖਿਆ ਕਿ ਉਕਤ ਆਰਡੀਨੈਂਸਾਂ ਬਾਰੇ ਬਾਦਲ ਪਰਿਵਾਰ ਮੋਦੀ ਸਰਕਾਰ ਦੇ ਫ਼ੈਸਲੇ ਦਾ ਵਿਰੋਧ ਕਰਨ ਦੀ ਬਜਾਏ ਸਿਰਫ ਬੀਬਾ ਬਾਦਲ ਦੀ ਕੁਰਸੀ ਬਚਾਉਣ ਲਈ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕਰ ਰਿਹਾ ਹੈ। ਆਗੂਆਂ ਨੇ ਆਖਿਆ ਕਿ ਇਕ ਪਾਸੇ ਸਰਕਾਰਾਂ ਡੀਜ਼ਲ ਪੈਟਰੋਲ ਦੇ ਰੇਟ ਵਧਾ ਰਹੀ ਹੈ ਉਤੋਂ ਐੱਮ.ਐੱਸ.ਪੀ ਨੂੰ ਵੀ ਖ਼ਤਮ ਕੀਤਾ ਜਾ ਰਿਹਾ ਹੈ ਕੁੱਲ ਮਿਲਾ ਕੇ ਕਿਸਾਨੀ ਨੂੰ ਉਜਾੜਨ ਵੱਲ ਕਦਮ ਚੁੱਕੇ ਜਾ ਰਹੇ ਹਨ 'ਕਾਕਾ ਬਰਾੜ' ਨੇ ਸੂਬਾ ਪ੍ਰਧਾਨ ਤੇ ਵਿਧਾਇਕ ਸੰਧਵਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ 20 ਜੁਲਾਈ ਦੇ ਇਸ ਪ੍ਰਦਰਸ਼ਨ 'ਚ ਵੱਧ ਤੋਂ ਵੱਧ ਹਿੱਸਾ ਲੈਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਆਬਜ਼ਰਬਰ ਸੁਖਜਿੰਦਰ ਸਿੰਘ ਕਾਉਣੀ, ਜ਼ਿਲ੍ਹਾ ਪ੍ਰਧਾਨ ਯੂਥ ਅਰਸ਼ ਬਰਾੜ ਜੱਸੇਆਣਾ, ਵਾਈਸ ਪ੍ਰਧਾਨ ਮਿਲਾਪਜੀਤ ਸਿੰਘ ਗਿੱਲ, ਮਲੋਟ ਹਲਕਾ ਇੰਚਾਰਜ਼ ਜਸ਼ਨ ਬਰਾੜ ਲੱਖੇਵਾਲੀ, ਹਲਕਾ ਪ੍ਰਧਾਨ ਗਿੱਦੜਬਾਹਾ ਇਕਬਾਲ ਸਿੰਘ ਖਿੜਕੀਆਂਵਾਲਾ, ਹਲਕਾ ਪ੍ਰਧਾਨ ਲੰਬੀ ਕਾਰਜ ਸਿੰਘ ਮਿੱਢਾ, ਸਿਮਰਜੀਤ ਸਿੰਘ ਬਰਾੜ, ਬਲਵਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।


Gurminder Singh

Content Editor

Related News