ਬਰਗਾੜੀ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਲਈ 14 ਨੂੰ ਕੀਤਾ ਜਾਵੇਗਾ ਪ੍ਰਦਰਸ਼ਨ : ਬਾਜਵਾ
Sunday, Oct 06, 2019 - 03:56 PM (IST)

ਭਵਾਨੀਗੜ੍ਹ (ਵਿਕਾਸ) - ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਵੱਡੀ ਗਿਣਤੀ 'ਚ ਸਿੱਖ ਸੰਗਤ 14 ਅਕਤੂਬਰ ਨੂੰ ਬਰਗਾੜੀ ਵਿਖੇ ਪਹੁੰਚੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਹਰਪ੍ਰੀਤ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਉਨ੍ਹਾਂ ਕਿਹਾ ਕਿ 2015 'ਚ ਬਾਦਲ ਸਰਕਾਰ ਦੇ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸਨ। ਕੋਟਕਪੂਰਾ ਵਿਖੇ ਸਿੱਖ ਸੰਗਤ ਵਲੋਂ ਸ਼ਾਂਤਮਈ ਧਰਨਾ ਲਾਉਣ 'ਤੇ ਸਰਕਾਰ ਨੇ ਪੁਲਸ ਨੂੰ ਲਾਠੀਚਾਰਜ ਕਰਨ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ, ਜਿਸ ਦੌਰਾਨ ਦੋ ਸਿੱਖ ਸ਼ਹੀਦ ਹੋ ਗਏ ਸਨ।
ਬਾਜਵਾ ਨੇ ਕਿਹਾ ਕਿ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ ਦਵਾਉਣ ਤੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਉਨ੍ਹਾਂ ਦੀ ਪਾਰਟੀ ਵਲੋਂ ਸੂਬੇ ਦੀਆਂ ਇਨਸਾਫ ਪਸੰਦ ਜਥੇਬੰਦੀਆਂ ਨਾਲ ਮਿਲ ਕੇ ਬਰਗਾੜੀ ਵਿਖੇ ਇਨਸਾਫ ਲਈ ਪ੍ਰਦਰਸ਼ਨ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਰੋਸ ਵਜੋਂ 7 ਅਕਤੂਬਰ ਤੋਂ 14 ਅਕਤੂਬਰ ਤੱਕ ਕਾਲਾ ਹਫਤਾ ਮਨਾਇਆ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਇਸ ਦੌਰਾਨ ਸਿੱਖ ਸੰਗਤ ਆਪਣੇ ਘਰਾਂ ਅਤੇ ਸਾਧਨਾਂ 'ਤੇ ਕਾਲੇ ਝੰਡੇ ਲਗਾ ਕੇ ਇਨਸਾਫ ਦੀ ਮੰਗ ਕਰਨ। ਇਸ ਸਮੇਂ ਉਨ੍ਹਾਂ ਨਾਲ ਕਾਮਰੇਡ ਮੇਵਾ ਸਿੰਘ, ਲਾਲਵਿੰਦਰ ਸਿੰਘ ਲਾਲੀ ਸਕਰੌਦੀ, ਗੁਰਪ੍ਰੀਤ ਸਿੰਘ ਘਰਾਚੋਂ, ਈਸ਼ਰ ਸਿੰਘ ਫੌਜੀ ਤੇ ਰਾਮ ਆਸਰਾ ਵੀ ਮੌਜੂਦ ਸਨ।