ਚੀਮਾ ਨੇ ਵਿਰੋਧੀ ਧਿਰ ਦੇ ਅਹੁਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Saturday, Nov 10, 2018 - 12:37 PM (IST)

ਚੀਮਾ ਨੇ ਵਿਰੋਧੀ ਧਿਰ ਦੇ ਅਹੁਦੇ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਤਪਾ ਮੰਡੀ (ਮਾਰਕੰਡਾ)— ਲੋਕ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਕਿਸੇ ਹੋਰ ਪਾਰਟੀ ਨਾਲ ਚੋਣ ਸਮਝੌਤਾ ਕਰਨ ਦੀ ਥਾਂ ਆਪਣੇ ਬਲਬੂਤੇ 'ਤੇ ਹੀ ਚੋਣ ਲੜੇਗੀ। ਇਹ  ਦਾਅਵਾ ਵਿਧਾਨ ਸਭਾ ਪੰਜਾਬ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਲਾਕੇ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰਨ ਉਪਰੰਤ ਸਿਖਿਆ ਸੰਸਥਾ ਡਰੀਮ ਮੇਕਰ ਆਈਲੈਟਸ ਸੈਂਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੰਜ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਪੰਜਾਬ ਕੋਰ ਕਮੇਟੀ ਵੱਲੋਂ ਛੇਤੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 'ਚ ਪਿਆ ਰੱਫੜ ਵੀ ਹੌਲੀ-ਹੌਲੀ ਨਿਬੇੜ ਲਿਆ ਜਾਵੇਗਾ। ਇਸ ਦਾ ਪਾਰਟੀ ਦੇ ਅੰਦਰੂਨੀ ਅਤੇ ਬਾਹਰੀ ਸਿੱਟਿਆਂ 'ਤੇ ਕੋਈ ਦੁਰਪ੍ਰਭਾਵ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਜੇ ਸੁਖਪਾਲ ਸਿੰਘ ਖ਼ਹਿਰਾ ਉਨ੍ਹਾਂ ਦਾ ਅਹੁਦਾ ਲੈ ਕੇ ਹੀ ਰਜ਼ਾਮੰਦ ਹੁੰਦੇ ਹਨ ਤਾਂ ਉਹ ਆਪਣੇ ਅਹੁਦੇ ਦੀ ਕੁਰਬਾਨੀ ਦੇਣ ਲਈ ਵੀ ਤਿਆਰ ਹਨ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹੀ ਪੰਜਾਬ ਦਾ ਇਕੋ-ਇਕ ਅਜਿਹਾ ਸੰਸਦ ਮੈਂਬਰ ਹੈ, ਜਿਸ ਨੇ ਪੰਜਾਬ ਦੇ ਮੁੱਦਿਆਂ ਨੂੰ ਸਭ ਤੋਂ ਵੱਧ ਲੋਕ ਸਭਾ 'ਚ ਉਠਾਇਆ। ਪੰਜਾਬ ਦੇ ਲੋਕ ਧੋਖਾ ਖਾ ਗਏ, ਜੇ ਪੰਜਾਬ 'ਚ ਆਪ ਪਾਰਟੀ ਦੀ ਸਰਕਾਰ ਬਣਦੀ ਤਾਂ ਉਹ ਦਿੱਲੀ ਦੀ ਤਰਜ਼ 'ਤੇ ਰਾਜ ਕਰਦੇ। ਸਕੂਲਾਂ ਅਤੇ ਹਸਪਤਾਲਾਂ ਦੇ ਸੁਧਾਰ ਤੋਂ ਇਲਾਵਾ ਕਿਸਾਨਾਂ ਲਈ ਬਦਲਵੀ ਖੇਤੀ ਅਤੇ ਫ਼ਸਲਾਂ ਦੇ ਮੰਡੀਕਰਨ ਦਾ ਢੁੱਕਵਾਂ ਪ੍ਰਬੰਧ ਕਰਦੇ। ਜੇ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਅ ਕੇਂਦਰ ਵੱਲੋਂ ਘੱਟ ਨਿਸ਼ਚਿਤ ਕੀਤਾ ਜਾਂਦਾ ਤਾਂ ਉਸ ਦੀ ਭਰਵਾਈ ਵੀ ਆਪ ਸਰਕਾਰ ਖੁਦ ਕਰਦੀ। ਅੱਜ ਪੰਜਾਬ ਦਾ ਕਿਸਾਨ ਮੰਡੀਆਂ 'ਚ ਰੁਲ ਰਿਹਾ ਹੈ। ਉਸ ਦੇ ਝੋਨੇ ਦੀ ਖ਼ਰੀਦ ਅਤੇ ਚੁਕਾਈ ਨਹੀਂ ਕੀਤੀ ਜਾ ਰਹੀ । ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕਾਂਗਰਸ ਨੇ ਕਿਸਾਨਾਂ, ਮਜ਼ਦੂਰਾਂ, ਅਧਿਆਪਕਾਂ ਅਤੇ  ਹੋਰ ਵਰਗਾਂ ਲਈ ਡੇਢ ਸਾਲ ਅੰਦਰ ਕੁੱਝ ਨਹੀਂ ਕੀਤਾ ਅਤੇ ਹਰ ਵਰਗ ਕੈਪਟਨ ਦੀ ਕਾਰਗੁਜ਼ਾਰੀ ਤੋਂ ਬੇਹੱਦ ਦੁਖੀ ਹੈ। ਭਾਜਪਾ ਦੀ ਨਿਖੇਧੀ ਕਰਦਿਆਂ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਨੋਟਬੰਦੀ ਦਾ  ਫੈਸਲਾ ਗਲਤ ਸੀ, ਜਿਸ ਨਾਲ ਭਾਰਤ ਕਈ ਦਹਾਕੇ ਪਛੜ ਗਿਆ। ਭਾਰਤ ਦਾ ਵਪਾਰ ਅਤੇ ਵਿਕਾਸ ਚੌਪਟ ਹੋ ਕੇ  ਰਹਿ ਗਿਆ। ਇਸ ਮੌਕੇ ਸੀਨੀਅਰ ਆਗੂ ਅਮਰੀਸ਼ ਕੁਮਾਰ ਭੋਤਨਾ, ਮਹਿੰਦਰ ਸਿੰਘ, ਊਧਮ ਸਿੰਘ, ਅਮਨਦੀਪ  ਢਿੱਲੋ, ਰਵੀ ਢਿੱਲੋ, ਹਰਦੀਪ ਸਿੰਘ ਘੁੰਨਸ ਅਤੇ ਹਰਦੀਪ ਪੁਰਬਾ ਆਦਿ ਹਾਜ਼ਰ ਸਨ।


author

cherry

Content Editor

Related News