ਕੇਂਦਰ ਵਲੋਂ ਸਾਜ਼ਿਸ਼ ਤਹਿਤ ਚੰਡੀਗੜ੍ਹ ਪ੍ਰਸ਼ਾਸਨ 'ਚੋਂ ਪੰਜਾਬ ਦਾ ਕੀਤਾ ਜਾ ਰਿਹੈ ਸਫਾਇਆ : ਹਰਪਾਲ ਚੀਮਾ
Tuesday, Jul 23, 2019 - 09:02 PM (IST)

ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਰਾਜਧਾਨੀ ਚੰਡੀਗੜ੍ਹ ਤੇ ਸਿਰਫ਼ ਤੇ ਸਿਰਫ਼ ਪੰਜਾਬ ਦਾ ਹੱਕ ਦੱਸਦੇ ਹੋਏ ਯੂ. ਟੀ. ਕੋਟੇ 'ਚ ਪੰਜਾਬ ਦੇ ਹਿੱਸੇ ਦੀਆਂ ਅਸਾਮੀਆਂ 'ਤੇ ਹੋ ਰਹੀ ਡਾਕੇਮਾਰੀ ਦਾ ਸਖ਼ਤ ਨੋਟਿਸ ਲਿਆ ਹੈ। 'ਆਪ' ਹੈੱਡਕੁਆਟਰ ਰਾਹੀਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੰਜਾਬ ਦੇ ਡੈਪੂਟੇਸ਼ਨ ਕੋਟੇ ਦੀ ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਇਕੋ-ਇੱਕ ਅਸਾਮੀ ਖੋਹ ਲਏ ਜਾਣ ਨੂੰ ਪੰਜਾਬ ਦੇ ਹੱਕਾਂ 'ਤੇ ਡਾਕਾ ਦੱਸਿਆ ਹੈ। ਚੀਮਾ ਨੇ ਕਿਹਾ ਕਿ ਕੇਂਦਰ ਵਲੋਂ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਚੰਡੀਗੜ੍ਹ ਪ੍ਰਸ਼ਾਸਨ 'ਚੋਂ ਪੰਜਾਬ ਦਾ ਸਫ਼ਾਇਆ ਕੀਤਾ ਜਾ ਰਿਹਾ ਹੈ। ਜਿਸ ਕਾਰਨ ਪੰਜਾਬ ਦਾ ਚੰਡੀਗੜ੍ਹ 'ਤੇ ਦਾਅਵਾ ਦਿਨ ਪ੍ਰਤੀ ਦਿਨ ਕਮਜ਼ੋਰ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੀਆਂ ਸੱਤਾਧਾਰੀ ਧਿਰਾਂ ਸੁੱਤੀਆਂ ਰਹੀਆਂ ਤੇ ਅਜੇ ਵੀ ਨਹੀਂ ਜਾਗੀਆਂ। ਇਸ ਕਰਕੇ ਅਜਿਹੇ ਬੇਤੁਕੇ ਸਵਾਲ ਉਠਣ ਲੱਗੇ ਹਨ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਵੀ ਜਾਂ ਨਹੀਂ ਸਬੂਤ ਦਿੱਤੇ ਜਾਣ।
ਚੀਮਾ ਨੇ ਕਿਹਾ ਕਿ ਚੰਡੀਗੜ੍ਹ ਵਸਾਉਣ ਲਈ ਉਜਾੜੇ ਗਏ ਢਾਈ ਦਰਜਨ ਪਿੰਡ ਪੰਜਾਬ ਦੇ ਸਨ ਅਤੇ ਚੰਡੀਗੜ੍ਹ ਦੀ ਉਸਾਰੀ ਹੀ ਪੰਜਾਬ ਦੀ ਰਾਜਧਾਨੀ ਲਈ ਹੋਈ ਸੀ, ਇਸ ਤੋਂ ਵੱਡਾ ਸਬੂਤ ਕੀ ਹੈ। ਸੂਚਨਾ ਤੇ ਲੋਕ ਸੰਪਰਕ ਅਧਿਕਾਰੀ ਦੀ ਅਸਾਮੀ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਖ਼ੁਦ ਹੀ ਭਰ ਲਏ ਜਾਣ ਲਈ ਚੀਮਾ ਨੇ ਪਿਛਲੀ ਬਾਦਲ ਸਰਕਾਰ ਨੂੰ ਮੁੱਖ ਦੋਸ਼ੀ ਦੱਸਿਆ। ਚੀਮਾ ਨੇ ਕਿਹਾ ਕਿ ਜਦ ਯੂ. ਟੀ. ਪ੍ਰਸ਼ਾਸਨ ਨੇ ਫਰਵਰੀ 2013 'ਚ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੂੰ ਪੱਤਰ ਲਿਖ ਕੇ ਡੈਪੂਟੇਸ਼ਨ 'ਤੇ ਅਧਿਕਾਰੀ ਮੰਗਿਆ ਸੀ ਤਾਂ ਸਰਕਾਰ ਨੇ ਅਧਿਕਾਰੀ ਭੇਜਣ ਦੀ ਥਾਂ ਪੀ. ਆਰ. ਓਜ. ਦੀ ਘਾਟ ਦਾ ਹਵਾਲਾ ਦੇ ਕੇ ਆਪਣੇ ਹੱਥ ਖ਼ੁਦ ਹੀ ਵੱਢ ਲਏ। ਇਸ ਗੁਨਾਹ ਲਈ ਜ਼ਿੰਮੇਵਾਰ ਤਤਕਾਲੀ ਮੰਤਰੀ ਤੇ ਅਫ਼ਸਰਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਜਿਸ ਅਧਿਕਾਰੀ ਜਾ ਸਟਾਫ਼ ਦੀ ਤਨਖ਼ਾਹ ਵੀ ਪੰਜਾਬ ਨੇ ਆਪਣੇ ਖ਼ਜ਼ਾਨੇ 'ਚੋਂ ਨਹੀਂ ਦੇਣੀ ਤਾਂ ਅਜਿਹੀ ਨਕਾਰਾਤਮਕ ਪਹੁੰਚ ਕਿਉਂ ਵਰਤੀ ਜਾ ਰਹੀ ਹੈ, ਜਦਕਿ ਪੰਜਾਬ ਦੇ ਬੇਰੁਜ਼ਗਾਰ ਨੌਕਰੀਆਂ ਲਈ ਤਰਸ ਰਹੇ ਹਨ ਤੇ ਸੜਕਾਂ 'ਤੇ ਹਨ।