ਆਦਮਪੁਰ ਏਅਰਪੋਰਟ ਦਾ ਭੇਤੀ ਹੈ ਗਿ੍ਰਫਤਾਰ ਜਾਸੂਸ ਪਾਲਾ, ਅਲਰਟ ’ਤੇ ਖੂਫੀਆ ਏਜੰਸੀਆਂ
Thursday, Aug 29, 2019 - 07:00 PM (IST)

ਜਲੰਧਰ (ਵਰੁਣ)— ਕਰਤਾਰਪੁਰ ਤੋਂ ਪਾਕਿਸਤਾਨ ਲਈ ਜਾਸੂਸੀ ਕਰਨ ਵਾਲਾ ਗ੍ਰਿਫਤਾਰ ਹਰਪਾਲ ਸਿੰੰਘ ਪਾਲਾ ਆਦਮਪੁਰ ਏਅਰਪੋਰਟ ਦੇ ਕੋਨੇ-ਕੋਨੇ ਦਾ ਭੇਦੀ ਹੈ। ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਅਤੇ ਖਾਲਿਸਤਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਲਈ ਕੰਮ ਕਰ ਰਹੇ ਹਰਪਾਲ ਸਿੰਘ ਪਾਲਾ ਦੀ ਗ੍ਰਿਫਤਾਰੀ ਤੋਂ ਬਾਅਦ ਜਲੰਧਰ ਸਮੇਤ ਭਾਰਤ ਦੀਆਂ ਖੁਫੀਆ ਏਜੰਸੀਆਂ ਅਲਰਟ ’ਤੇ ਹਨ। ਪਾਲਾ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੀਆਂ ਫੌਜਾਂ ਦੀ ਖੁਫੀਆ ਜਾਣਕਾਰੀ ਪਾਕਿ ਏਜੰਸੀਆਂ ਨੂੰ ਦੇ ਰਿਹਾ ਸੀ। ਜਲੰਧਰ ਰੂਰਲ ਤੋਂ ਲੈ ਕੇ ਕਮਿਸ਼ਨਰੇਟ ਪੁਲਸ ਵੀ ਜਾਂਚ ਵਿਚ ਲੱਗੀ ਹੋਈ ਹੈ। ਫਿਲਹਾਲ ਪਾਲਾ ਨੂੰ ਭਾਰਤ ਦੀਆਂ ਖੁਫੀਆ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ, ਉਥੇ ਹੀ ਐੱਨ.ਆਈ.ਏ. ਵੀ ਇਸ ਮਾਮਲੇ ਵਿਚ ਜਾਂਚ ਕਰ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਪਾਲਾ ਨੇ ਆਦਮਪੁਰ ਏਅਰਪੋਰਟ ਤੋਂ ਲੈ ਕੇ ਸੁੱਚੀ ਪਿੰਡ ਤੱਕ ਦੀ ਜਾਣਕਾਰੀ ਪਾਕਿ ਖੁਫੀਆ ਏਜੰਸੀਆਂ ਨਾਲ ਸਾਂਝੀ ਕੀਤੀ ਸੀ। ਇਹ ਪਾਕਿ ਵਿਚ ਰਹਿ ਰਹੇ ਗੋਪਾਲ ਚਾਵਲਾ ਦੇ ਹੁਕਮਾਂ ’ਤੇ ਭਾਰਤੀ ਸਿੱਖਾਂ ਨੂੰ ਆਪਣੇ ਨਾਲ ਮਿਲ ਕੇ ਨਵੀਆਂ ਟੀਮਾਂ ਬਣਾਉਣਾ ਚਾਹੁੰਦਾ ਸੀ ਤਾਂ ਕਿ ਪੰਜਾਬ ਵਿਚ ਅਸਥਿਰਤਾ ਦਾ ਮਾਹੌਲ ਬਣਾਇਆ ਜਾ ਸਕੇ।
ਫੇਸਬੁੱਕ ਤੋਂ ਇਲਾਵਾ ਸੋਸ਼ਲ ਸਾਈਟਸ ’ਤੇ ਸੀ ਪਾਲਾ ਦੀ ਨਜ਼ਰ
ਪਾਲਾ ਦੀ ਫੇਸਬੁੱਕ ਤੋਂ ਇਲਾਵਾ ਸੋਸ਼ਲ ਸਾਈਟਸ ’ਤੇ ਨਜ਼ਰ ਸੀ। ਇਸ ਰਾਹੀਂ ਉਹ ਨੌਜਵਾਨਾਂ ਨੂੰ ਵਰਗਲਾਉਣ ਦਾ ਕੰਮ ਕਰ ਰਿਹਾ ਸੀ। ਹਾਲਾਂਕਿ ਉਨ੍ਹਾਂ ਨੇ ਖਾਲਿਸਤਾਨ ਦੇ ਸਮਰਥਨ ਵਿਚ ਕਈ ਪੋਸਟਾਂ ਫੇਸਬੁੱਕ ’ਤੇ ਪਾਈਆਂ ਸਨ। ਇਸ ਸਬੰਧ ਵਿਚ ਥਾਣਾ ਕਰਤਾਰਪੁਰ ਦੇ ਇੰਚਾਰਜ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਕੇਸ ਵਿਚ ਮਾਮਲਾ ਜ਼ਰੂਰ ਦਰਜ ਕੀਤਾ ਹੈ ਪਰ ਹਰਪਾਲ ਪਾਲਾ ਤੋਂ ਪੁੱਛਗਿੱਛ ਕਰਨ ਵਿਚ ਭਾਰਤੀ ਖੁਫੀਆ ਏਜੰਸੀਆਂ ਲੱਗੀਆਂ ਹੋਈਆਂ ਹਨ।
ਖਾਲਿਸਤਾਨੀ ਸਮਰਥਕਾਂ ਨੂੰ ਪਾਕਿਸਤਾਨ ਵਿਚ ਬੁਲਾ ਕੇ ਦਿੱਤੀ ਸੀ ਟ੍ਰੇਨਿੰਗ
ਗੋਪਾਲ ਸਿੰਘ ਚਾਵਲਾ ਹਮੇਸ਼ਾ ਤੋਂ ਹੀ ਖਾਲਿਸਤਾਨ ਅਤੇ ਪਾਕਿਸਤਾਨੀ ਅੱਤਵਾਦੀਆਂ ਨੂੰ ਸਹਿਯੋਗ ਦਿੰਦਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਉਹ ਅੱਤਵਾਦੀਆਂ ਨੂੰ ਪਾਲਣ ਲਈ ਕਈ ਯੋਜਨਾਵਾਂ ਬਣਾ ਚੁੱਕਾ ਹੈ। ਨਾਭਾ ਜੇਲ ਬ੍ਰੇਕ ਕਾਂਡ ਤੋਂ ਲੈ ਕੇ ਪੰਜਾਬ ਵਿਚ ਅੱਤਵਾਦੀਆਂ ਨਾਲ ਜੁੜੇ ਅੱਤਵਾਦੀਆਂ ਨਾਲ ਜੁੜੇ ਮਾਮਲਿਆਂ ਵਿਚ ਅਕਸਰ ਹੀ ਗੋਪਾਲ ਸਿੰਘ ਚਾਵਲਾ ਚਰਚਾ ਵਿਚ ਰਿਹਾ ਹੈ, ਜਿਸ ਦੇ ਬਾਵਜੂਦ ਚਾਵਲਾ ਨੇ ਆਪਣੇ ਮਨਸੂਬਿਆਂ ਨੂੰ ਕਦੇ ਵੀ ਫੇਲ ਸਾਬਿਤ ਨਹੀਂ ਹੋਣ ਦਿੱਤਾ। ਚਾਵਲਾ ਦੇ ਸਾਥੀ ਹਰਪਾਲ ਪਾਲਾ ਦੇ ਅਰੈਸਟ ਹੋਣ ਤੋਂ ਬਾਅਦ ਉਸਦੀਆਂ ਵੀ ਮੁਸ਼ਕਲਾਂ ਵਧ ਗਈਆਂ ਹਨ। ਇਨ੍ਹਾਂ ਦੋਵਾਂ ਨੇ ਹੀ ਖਾਲਿਸਤਾਨੀ ਸਮਰਥਕਾਂ ਨੂੰ ਪਾਕਿਸਤਾਨ ਵਿਚ ਬੁਲਾ ਕੇ ਟ੍ਰੇਨਿੰਗ ਦੇਣ ਦੀ ਯੋਜਨਾ ਬਣਾਈ ਸੀ।