ਹਰਪਾਲ ਚੀਮਾ ਦਾ CM ਚੰਨੀ ’ਤੇ ਨਿਸ਼ਾਨਾ, ਕਿਹਾ-ਆਪਣੇ ਝੂਠੇ ਐਲਾਨਾਂ ਦਾ ਖ਼ੁਦ ਹੀ ਕਰ ਰਹੇ ਪਰਦਾਫਾਸ਼

Saturday, Jan 01, 2022 - 08:19 PM (IST)

ਹਰਪਾਲ ਚੀਮਾ ਦਾ CM ਚੰਨੀ ’ਤੇ ਨਿਸ਼ਾਨਾ, ਕਿਹਾ-ਆਪਣੇ ਝੂਠੇ ਐਲਾਨਾਂ ਦਾ ਖ਼ੁਦ ਹੀ ਕਰ ਰਹੇ ਪਰਦਾਫਾਸ਼

ਚੰਡੀਗੜ੍ਹ (ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਝੂਠੇ ਐਲਾਨਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਲਾਇਆ ਹੈ। ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਝੂਠੇ ਐਲਾਨਾਂ ਦੀ ਜ਼ਮੀਨੀ ਹਕੀਕਤ ਕਬੂਲ ਕਰਨ ਲੱਗ ਪਏ ਹਨ। ਚੀਮਾ ਮੁਤਾਬਕ ਚੰਨੀ ਕੈਬਨਿਟ ਵੱਲੋਂ ਸੂਬੇ ਦੇ 36,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਹਕੀਕਤ ਦਾ ਸ਼ਨੀਵਾਰ ਨੂੰ ਮੁੱਖ ਮੰਤਰੀ ਚੰਨੀ ਨੇ ਹੀ ਪਰਦਾਫ਼ਾਸ਼ ਕਰ ਦਿੱਤਾ ਹੈ। ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਅੱਜ ਜਨਤਕ ਤੌਰ ’ਤੇ ਸੱਚ ਬੋਲਣਾ ਪੈ ਗਿਆ ਹੈ ਕਿ 36,000 ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਅਸੀਂ (ਆਮ ਆਦਮੀ ਪਾਰਟੀ) ਕਹਿੰਦੇ ਆ ਰਹੇ ਹਾਂ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਹੋਏ। ਚੀਮਾ ਨੇ ਕਿਹਾ ਕਿ 'ਆਪ' ਦੇ ਸੂਬਾ ਪ੍ਰਧਾਨ ਭਗਵੰਤ ਮਾਨ ਮੁੱਖ ਮੰਤਰੀ ਚੰਨੀ ਅਤੇ ਸਮੁੱਚੀ ਕਾਂਗਰਸ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਆ ਰਹੇ ਹਨ ਕਿ 36 ਹਜ਼ਾਰ ਤਾਂ ਦੂਰ ਸਿਰਫ਼ 36 ਮੁਲਾਜ਼ਮਾਂ ਦੇ ਨਾਂ ਹੀ ਦੱਸ ਦੇਣ, ਜਿਨ੍ਹਾਂ ਦੀਆਂ ਸੇਵਾਵਾਂ ਚੰਨੀ ਸਰਕਾਰ ਨੇ ਪੱਕੀਆਂ ਕੀਤੀਆਂ ਹੋਣ।

ਇਹ ਵੀ ਪੜ੍ਹੋ : CM ਚੰਨੀ ਦੇ ਰਾਜਪਾਲ ’ਤੇ ਵੱਡੇ ਇਲਜ਼ਾਮ, ਕਿਹਾ-ਸਿਆਸੀ ਕਾਰਨਾਂ ਕਰਕੇ ਰੋਕੀ ਠੇਕਾ ਆਧਾਰਿਤ ਮੁਲਾਜ਼ਮਾਂ ਦੀ ਫਾਈਲ

ਹਰਪਾਲ ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਤੱਕ ਦਾ ਸਭ ਤੋਂ ਕਮਜ਼ੋਰ ਮੁੱਖ ਮੰਤਰੀ ਕਰਾਰ ਦਿੰਦਿਆਂ ਕਿਹਾ ਕਿ ਚੰਨੀ ਦੀ ‘ਫੈਂਕੂ ਆਦਤ’ ਨੂੰ ਭਾਂਪ ਕੇ ਸੂਬੇ ਦੀ ਅਫ਼ਸਰਸ਼ਾਹੀ ਵੀ ਚੰਨੀ ਦੇ ਕੰਟਰੋਲ ’ਚ ਨਹੀਂ ਰਹੀ, ਜਦਕਿ ਕੁਰਸੀ ਦੇ ਕਾਟੋ-ਕਲੇਸ਼ ਕਾਰਨ ਕਾਂਗਰਸੀ ਵਿਧਾਇਕ ਅਤੇ ਵਜ਼ੀਰ ਪਹਿਲੇ ਦਿਨ ਤੋਂ ਵੀ ਬੇਕਾਬੂ ਚਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਗੰਭੀਰਤਾ ਅਤੇ ਸਹੀ ਨੀਤੀ-ਨੀਅਤ ਨਾਲ ਅੱਗੇ ਵਧਾਈ ਹੁੰਦੀ ਤਾਂ ਪੰਜਾਬ ਦੇ ਰਾਜਪਾਲ ਵੱਲੋਂ ਇਹ ਫਾਈਲ ਲਟਕਾਉਣ ਦਾ ਕੋਈ ਠੋਸ ਕਾਰਨ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਅੱਜ ਚੰਨੀ ਸਫ਼ਾਈ ਦੇ ਰਹੇ ਹਨ ਕਿ ਪੰਜਾਬ ਦੇ ਰਾਜਪਾਲ 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਫ਼ਾਈਲ ’ਤੇ ਦਸਤਖ਼ਤ ਨਹੀਂ ਕਰ ਰਹੇ, ਜੇਕਰ ਅਜਿਹਾ ਨਾ ਕੀਤਾ ਤਾਂ ਉਹ ਪੂਰੀ ਕੈਬਨਿਟ ਸਮੇਤ ਪੰਜਾਬ ਰਾਜ ਭਵਨ (ਰਾਜਪਾਲ ਨਿਵਾਸ) ਮੂਹਰੇ ਧਰਨਾ ਲਾਉਣਗੇ। ਚੀਮਾ ਨੇ ਸਵਾਲ ਕੀਤਾ ਕਿ ਉਸ ਸਰਕਾਰ ਵੱਲੋਂ ਕੀ ਧਰਨਾ ਲਾਉਣ ਨਾਲ ਮਸਲਾ ਹੱਲ ਹੋ ਜਾਵੇਗਾ, ਜਿਸ ਵਿਰੁੱਧ ਪੂਰੇ ਪੰਜਾਬ ’ਚ ਰੋਸ ਧਰਨੇ ਲੱਗ ਰਹੇ ਹਨ?  ਸਵਾਲ ਇਹ ਉੱਠੇਗਾ ਕਿ ਜੋ ਸਰਕਾਰ ਸੂਬੇ ਭਰ ’ਚ ਵੱਖ-ਵੱਖ ਵਰਗਾਂ ਵੱਲੋਂ ਲਾਏ ਜਾ ਰਹੇ ਰੋਸ ਧਰਨਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਉਲਟਾ ਧਰਨਾਕਾਰੀਆਂ ਉੱਤੇ ਲਾਠੀਚਾਰਜ ਅਤੇ ਕੇਸ ਦਰਜ ਕਰਦੀ ਹੈ, ਉਸ ਸਰਕਾਰ ਵੱਲੋਂ ਲਾਏ ਧਰਨੇ ਨੂੰ ਰਾਜਪਾਲ ਪੰਜਾਬ ਕਿੰਨਾ ਕੁ ਗੰਭੀਰਤਾ ਨਾਲ ਲੈਣਗੇ?

ਇਹ ਵੀ ਪੜ੍ਹੋ : CM ਚੰਨੀ ਨੇ ਪੇਸ਼ ਕੀਤਾ 100 ਦਿਨਾ ਰਿਪੋਰਟ ਕਾਰਡ, ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ

ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਸਲਾਹ ਦਿੱਤੀ ਕਿ ਉਨਾਂ ਦੇ ਫ਼ੋਕੇ ਐਲਾਨਾਂ ਦੀ ਪੋਲ ਖੁੱਲ੍ਹ ਚੁੱਕੀ ਹੈ, ਇਸ ਲਈ ਉਨ੍ਹਾਂ ਨੂੰ ਰਾਜ ਭਵਨ ਮੂਹਰੇ ਧਰਨਾ ਲਾਉਣ ਦੀ ਥਾਂ ਨੈਤਿਕਤਾ ਦੇ ਆਧਾਰ ’ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਸੰਬੰਧੀ ਪੂਰੇ ਪੰਜਾਬ ’ਚ ਲਾਏ ਬੋਰਡਾਂ ’ਤੇ ਹੋਏ ਸਰਕਾਰੀ ਖ਼ਰਚ ਦੀ ਭਰਪਾਈ ਆਪਣੀ ਜੇਬ ’ਚੋਂ ਭਰ ਕੇ ਪੰਜਾਬ ਦੀ ਜਨਤਾ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਚੀਮਾ ਨੇ ਕਿਹਾ ਕਿ ਚੰਨੀ ਵੱਲੋਂ 100 ਦਿਨਾਂ ’ਚ 100 ਕੰਮ ਕਰਨ ਦੇ ਦਾਅਵਿਆਂ ਦੀ ਜ਼ਮੀਨੀ ਹਕੀਕਤ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੇ ਝੂਠੇ ਐਲਾਨ ਦੀ ਤਰ੍ਹਾਂ ਹੀ ਹੈ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

Manoj

Content Editor

Related News