ਪੰਜਾਬ ’ਚ ਟੈਕਸਾਂ ਤੋਂ ਪ੍ਰਾਪਤ ਮਾਲੀਏ ’ਚ 22 ਫ਼ੀਸਦੀ ਦਾ ਵਾਧਾ, ਮਾਫ਼ੀਆ ਰਾਜ ’ਤੇ ਲਗਾਮ ਲਾਈ : ਹਰਪਾਲ ਚੀਮਾ
Wednesday, May 03, 2023 - 06:31 PM (IST)
ਜਲੰਧਰ (ਧਵਨ)- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਅਰਥਵਿਵਸਥਾ ਵਿਚ ਆ ਰਹੇ ਸੁਧਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਅਪ੍ਰੈਲ ਮਹੀਨੇ ਵਿਚ ਹੀ ਟੈਕਸਾਂ ਤੋਂ ਪ੍ਰਾਪਤ ਮਾਲੀਏ ਵਿਚ 22 ਫ਼ੀਸਦੀ ਦਾ ਵਾਧਾ ਹੋਇਆ ਹੈ। ਅਪ੍ਰੈਲ ਵਿਚ ਸਰਕਾਰ ਨੂੰ ਟੈਕਸਾਂ ਤੋਂ 4,000 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਭ੍ਰਿਸ਼ਟਾਚਾਰ ’ਤੇ ਲਗਾਮ ਲਾਈ ਗਈ ਹੈ, ਜਿਸ ਦੀ ਬਦੌਲਤ ਟੈਕਸਾਂ ਤੋਂ ਪ੍ਰਾਪਤ ਹੋਣ ਵਾਲੇ ਮਾਲੀਏ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿਚ ਸ਼ਰਾਬ ਮਾਫ਼ੀਆ ਅਤੇ ਰੇਤ ਮਾਫ਼ੀਆ ’ਤੇ ਲਗਾਮ ਲਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਕੀਤੀਆਂ ਗਈਆਂ ਜਲ ਪ੍ਰਵਾਹ
ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਸੀ ਤਾਂ ਉਸ ਸਮੇਂ ਪੂਰੇ ਦੇਸ਼ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਅੰਦੋਲਨ ਚੱਲ ਰਿਹਾ ਸੀ। ਇਸ ਲਈ ਆਮ ਆਦਮੀ ਪਾਰਟੀ ਦੀ ਸਥਾਪਨਾ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਹੋਈ ਹੈ, ਜਿਸ ਕਾਰਨ ਸਾਡਾ ਪ੍ਰਮੁੱਖ ਟੀਚਾ ਭ੍ਰਿਸ਼ਟਾਚਾਰ ’ਤੇ ਲਗਾਮ ਲਾਉਣਾ ਹੁੰਦਾ ਹੈ। ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਵੀ ਈਮਾਨਦਾਰੀ ਦਾ ਪਾਠ ਪੜ੍ਹਾਇਆ ਗਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ 2 ਬਜਟ ਪੇਸ਼ ਕਰ ਚੁੱਕੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ 2022 ਵਿਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਤਾਂ ਅਪ੍ਰੈਲ ਮਹੀਨੇ ਵਿਚ ਜੀ. ਐੱਸ. ਟੀ. ਤੋਂ ਪ੍ਰਾਪਤ ਮਾਲੀਆ 1532 ਕਰੋੜ ਰੁਪਏ ਸੀ ਜਦਕਿ ਇਕ ਸਾਲ ਬਾਅਦ ਅਪ੍ਰੈਲ 2023 ਵਿਚ ਜੀ. ਐੱਸ. ਟੀ. ਤੋਂ ਪ੍ਰਾਪਤ ਮਾਲੀਆ 2015 ਕਰੋੜ ਹੋ ਗਿਆ। ਇੰਝ ਜੀ. ਐੱਸ. ਟੀ. ਦੀ ਕੁਲੈਕਸ਼ਨ ਵਿਚ 31.53 ਫ਼ੀਸਦੀ ਦਾ ਵਾਧਾ ਹੋਇਆ ਹੈ।
ਹਰਪਾਲ ਚੀਮਾ ਨੇ ਕਿਹਾ ਕਿ ਉਹ ਪੰਜਾਬ ਵਿਚ ਈਮਾਨਦਾਰੀ ਨਾਲ ਸਰਕਾਰ ਚਲਾਉਣ ਲਈ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਵਾਹਨਾਂ ’ਤੇ ਲੱਗਣ ਵਾਲੇ ਟੈਕਸਾਂ ਤੋਂ ਅਪ੍ਰੈਲ 2022 ਵਿਚ 239 ਕਰੋੜ ਦਾ ਮਾਲੀਆ, ਜਦਕਿ 2023 ਵਿਚ 249 ਕਰੋੜ ਰੁਪਏ ਦਾ ਮਾਲੀਆ ਹਾਸਲ ਹੋਇਆ। ਇਸ ਵਿਚ 4.46 ਫ਼ੀਸਦੀ ਦਾ ਵਾਧਾ ਹੋਇਆ ਹੈ। ਆਬਕਾਰੀ ਵਿਭਾਗ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਬਕਾਰੀ ਮਾਲੀਏ ਵਿਚ 41.41 ਫ਼ੀਸਦੀ ਦਾ ਵਾਧਾ ਹੋਇਆ ਜਦੋਂਕਿ ਅਪ੍ਰੈਲ 2023 ਵਿਚ ਆਬਕਾਰੀ ਮਾਲੀਏ ਵਿਚ 38.34 ਫ਼ੀਸਦੀ ਦਾ ਵਾਧਾ ਦਰਜ ਹੋ ਚੁੱਕਾ ਹੈ। ਅਜੇ ਪੂਰਾ ਸਾਲ ਆਬਕਾਰੀ ਵਿਭਾਗ ਨੂੰ ਮਾਲੀਆ ਹਾਸਲ ਹੋਣਾ ਹੈ।
ਇਹ ਵੀ ਪੜ੍ਹੋ : ਡੇਰਾ ਬਾਬਾ ਮੁਰਾਦ ਸ਼ਾਹ ਨਤਮਸਤਕ ਹੋਏ CM ਭਗਵੰਤ ਮਾਨ, ਗਾਇਕ ਗੁਰਦਾਸ ਮਾਨ ਨੇ ਕੀਤਾ ਸਨਮਾਨ
ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਪੈਸਿਆਂ ਤੇ ਫੰਡਾਂ ਦੀ ਕੋਈ ਕਮੀ ਨਹੀਂ ਹੈ। ਹਰੇਕ ਨਾਗਰਿਕ ਆਪਣਾ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਵਾਰ ਬਣੀ ਤਾਂ ਉੱਥੇ ਵੀ ਸੁਧਾਰਾਂ ਨੂੰ ਲਾਗੂ ਕੀਤਾ ਗਿਆ, ਜਿਸ ਦੀ ਬਦੌਲਤ ਦਿੱਲੀ ਵਾਸੀਆਂ ਨੇ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਸਾਡੀ ਕੋਸ਼ਿਸ਼ ਹੈ ਕਿ ਅਰਥਵਿਵਸਥਾ ਕਾਫ਼ੀ ਮਜ਼ਬੂਤ ਹੋ ਜਾਵੇ ਅਤੇ ਸਾਰੇ ਵਿਭਾਗਾਂ ਦੀ ਆਮਦਨ ਵਧੇ।
ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਸਾਬਕਾ ਸਰਪੰਚ ਦੇ ਘਰ 'ਚ ਚੱਲੀਆਂ ਗੋਲੀਆਂ, ਖੂਨੀ ਖੇਡ 'ਚ ਬਦਲੀ ਮਾਮੂਲੀ ਤਕਰਾਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ