ਪੰਜਾਬ ਦਾ ਬਜਟ ਪੇਸ਼ ਕਰਨ ਮਗਰੋਂ 'ਹਰਪਾਲ ਚੀਮਾ' ਦੀ ਪ੍ਰੈੱਸ ਕਾਨਫਰੰਸ, ਆਖੀਆਂ ਇਹ ਗੱਲਾਂ
Monday, Jun 27, 2022 - 03:28 PM (IST)
 
            
            ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਵਿਧਾਨ ਸਭਾ 'ਚ ਵਿੱਤੀ ਸਾਲ 2022-23 ਦਾ ਬਜਟ ਪੇਸ਼ ਕੀਤਾ ਗਿਆ। ਬਜਟ ਪੇਸ਼ ਕਰਨ ਤੋਂ ਬਾਅਦ ਹਰਪਾਲ ਚੀਮਾ ਵੱਲੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਇਸ ਦੌਰਾਨ ਹਰਪਾਲ ਚੀਮਾ ਨੇ ਕਿਹਾ ਕਿ ਬਜਟ 'ਚ ਪੰਜਾਬ ਦੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਦੇ ਜੋ ਹਾਲਾਤ ਹਨ, ਉਹ ਕਿਸੇ ਤੋਂ ਵੀ ਲੁਕੇ ਨਹੀਂ ਹਨ। ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਰਕਾਰਾਂ ਨੇ ਵਿੱਤੀ ਨਾਸਮਝੀ ਦਾ ਸਬੂਤ ਦਿੱਤਾ ਹੈ, ਜਿਸ ਕਾਰਨ ਪੰਜਾਬ ਅੱਜ ਕਰਜ਼ਾਈ ਹੋਇਆ ਪਿਆ ਹੈ।
ਇਹ ਵੀ ਪੜ੍ਹੋ : ਬਜਟ ਇਜਲਾਸ : ਖਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ 'ਬਜਟ', ਕੀਤੇ ਜਾ ਰਹੇ ਵੱਡੇ ਐਲਾਨ
ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਸਰਕਾਰ ਨੇ ਇਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਦੀ ਆਰਥਿਕਤਾ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਆਪਣੇ 3 ਮਹੀਨਿਆਂ ਦੇ ਦੌਰਾਨ ਸਿੰਕਿੰਗ ਫੰਡ 'ਚ 1 ਹਜ਼ਾਰ ਕਰੋੜ ਰੁਪਿਆ ਨਿਵੇਸ਼ ਕੀਤਾ ਹੈ, ਜਦੋਂ ਕਿ ਇਹ 21 ਸਾਲਾਂ 'ਚ 3 ਹਜ਼ਾਰ ਕਰੋੜ ਰੁਪਿਆ ਨਿਵੇਸ਼ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਬਜਟ ਇਜਲਾਸ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਐਲਾਨ
ਉਨ੍ਹਾਂ ਕਿਹਾ ਕਿ ਸਾਡੇ ਇਰਾਦੇ ਸਾਫ਼ ਹਨ ਅਤੇ ਮਾਨ ਸਰਕਾਰ ਦੀ ਸੋਚ ਹੈ ਕਿ ਪੰਜਾਬ ਦੀ ਆਰਥਿਕਤਾ ਨੂੰ ਮੁੜ ਲੀਹਾਂ 'ਤੇ ਲਿਆਂਦਾ ਜਾਵੇ। ਹਰਪਾਲ ਚੀਮਾ ਨੇ ਕਿਹਾ ਕਿ ਇਹ ਪਹਿਲਾ ਬਜਟ ਹੈ, ਜਿਹੜਾ ਜਨਤਾ ਨੂੰ ਪੁੱਛ ਕੇ, ਜਨਤਾ ਨਾਲ ਸਲਾਹ ਕਰਕੇ ਪੇਸ਼ ਕੀਤਾ ਗਿਆ ਹੈ ਅਤੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਦਾ ਹੱਲ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            