ਆਖਰ ਮੀਡੀਆ ਸਾਹਮਣੇ ਆਏ ਹਰਪਾਲ ਚੀਮਾ, ਖਹਿਰਾ ਬਾਰੇ ਬੋਲੇ ਅਜਿਹੇ ਬੋਲ (ਵੀਡੀਓ)
Saturday, Jul 28, 2018 - 11:02 AM (IST)
ਨਵੀਂ ਦਿੱਲੀ/ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਦੀ ਵਿਰੋਧੀ ਧਿਰ ਤੋਂ ਛੁੱਟੀ ਹੋਣ ਤੋਂ ਬਾਅਦ ਜਿੱਥੇ ਸਿਆਸੀ ਘਮਾਸਾਨ ਮਚਿਆ ਹੋਇਆ ਹੈ, ਉੱਥੇ ਹੀ ਬੀਤੇ ਦਿਨ ਵਿਰੋਧੀ ਧਿਰ ਦੇ ਨਵੇਂ ਨੇਤਾ ਹਰਪਾਲ ਸਿੰਘ ਚੀਮਾ ਵੀ ਮੀਡੀਆ ਸਾਹਮਣੇ ਆਏ। ਹਰਪਾਲ ਚੀਮਾ ਨੇ ਕਿਹਾ ਕਿ ਉਹ ਸਭ ਨੂੰ ਨਾਲ ਲੈ ਕੇ ਚੱਲਣਗੇ।
ਉਨ੍ਹਾਂ ਕਿਹਾ ਕਿ ਉਹ ਸੁਖਪਾਲ ਖਹਿਰਾ ਨੂੰ ਮਿਲਣ ਜਾ ਰਹੇ ਹਨ ਅਤੇ ਉਨ੍ਹਾਂ ਦੀਆਂ ਜਿਹੜੀਆਂ ਵੀ ਸ਼ਿਕਾਇਤਾਂ ਹਨ, ਉਨ੍ਹਾਂ ਨੂੰ ਖਤਮ ਕੀਤਾ ਜਾਵੇਗਾ। ਹਾਲਾਂਕਿ ਹਰਪਾਲ ਚੀਮਾ ਦਾ ਕਹਿਣਾ ਸੀ ਕਿ ਬਠਿੰਡਾ 'ਚ ਖਹਿਰਾ ਵਲੋਂ ਕਰਵਾਈ ਜਾਣ ਵਾਲੀ ਕਨਵੈਨਸ਼ਨ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਖਹਿਰਾ ਦੀ ਪ੍ਰੈੱਸ ਕਾਨਫਰੰਸ ਦੇਖੀ ਹੈ। ਹਰਪਾਲ ਚੀਮਾ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਜੇਕਰ ਪਾਰਟੀ ਦਾ ਕੋਈ ਪ੍ਰੋਗਰਾਮ ਹੋਇਆ ਤਾਂ ਉਹ ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ।
ਹਰਪਾਲ ਚੀਮਾ ਨੇ ਦੱਸਿਆ ਕਿ ਨਵਾਂ ਵਿਰੋਧੀ ਧਿਰ ਦਾ ਨੇਤਾ ਚੁਣਨ ਲਈ ਪੂਰੀ ਪ੍ਰਕਿਰਿਆ ਅਪਣਾਈ ਗਈ ਹੈ ਅਤੇ ਜੇਕਰ ਕਿਸੇ ਨੂੰ ਯਕੀਨ ਨਹੀਂ ਹੈ ਤਾਂ ਉਹ ਸਪੀਕਰ ਕੋਲੋਂ ਪੁੱਛ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਾਰੇ ਵਿਧਾਇਕਾਂ ਦੇ ਦਸਤਖਤ ਵੀ ਹਨ। ਹਰਪਾਲ ਚੀਮਾ ਨੇ ਇਸ ਮੌਕੇ ਬੈਂਸ ਭਰਾਵਾਂ 'ਤੇ ਵਰ੍ਹਦਿਆਂ ਕਿਹਾ ਕਿ ਬੈਂਸ ਭਰਾਵਾਂ ਦਾ ਕੋਈ ਸਟੈਂਡ ਨਹੀਂ ਹੈ ਅਤੇ ਉਹ ਲਗਾਤਾਰ ਆਪਣਾ ਸਟੈਂਡ ਬਦਲਦੇ ਰਹਿੰਦੇ ਹਨ।