ਜਲੰਧਰ ਉਪ-ਚੋਣਾਂ ਲਈ ਹਰਪਾਲ ਚੀਮਾ ਨੇ ਠੋਕਿਆ ਦਾਅਵਾ

04/18/2023 1:22:39 PM

ਜਲੰਧਰ (ਧਵਨ) : ਪੰਜਾਬ ਦੇ ਵਿੱਤ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਲਈ ਪਾਰਟੀ ਦੇ ਇੰਚਾਰਜ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਸੀਟ ਹਰ ਹਾਲਤ ਵਿਚ ਆਮ ਆਦਮੀ ਪਾਰਟੀ ਜਿੱਤੇਗੀ ਅਤੇ 2024 ਵਿਚ ਹੋਣ ਵਾਲੀ ਜਿੱਤ ਦੀ ਬੁਨਿਆਦ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਸਥਿਤੀਆਂ ਇਸ ਸਮੇਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਜਾ ਰਹੀਆਂ ਹਨ ਕਿਉਂਕਿ ਅਸੀਂ ਇਕ ਸਾਲ ਦੇ ਅੰਦਰ ਉਹ ਕੰਮ ਕਰ ਦਿੱਤੇ ਹਨ ਜੋ ਕੋਈ ਵੀ ਹੋਰ ਸਰਕਾਰ ਆਪਣੇ 5 ਸਾਲਾਂ ਵਿਚ ਨਹੀਂ ਕਰ ਸਕੀ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ‘ਆਪ’ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਜੋ ਮੁਹਿੰਮ ਚਲਾਈ ਹੈ, ਉਹ ਸਭ ਲਈ ਬਰਾਬਰ ਹੈ ਅਤੇ ਇਸ ਵਿਚ ਕੋਈ ਵੀ ਛੋਟਾ-ਵੱਡਾ ਨਹੀਂ ਵੇਖਿਆ ਜਾ ਰਿਹਾ। ਚੀਮਾ ਨੇ ਕਿਹਾ ਕਿ ਜਲੰਧਰ ਉਪ-ਚੋਣ ਸਬੰਧੀ ਵਿਧਾਇਕਾਂ ਤੇ ਮੰਤਰੀਆਂ ਅਤੇ ਸੰਗਠਨ ਦੇ ਨੇਤਾਵਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਅਤੇ ਹਰੇਕ ਵਿਧਾਇਕ ਨੂੰ 10-10 ਪਿੰਡਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ : ਲਗਾਤਾਰ ਵਧ ਰਿਹਾ ਹਵਾ ਪ੍ਰਦੂਸ਼ਣ ਪ੍ਰਸ਼ਾਸਨ ਲਈ ਗੰਭੀਰ ਸਮੱਸਿਆ, ਕਰਵਾਈ ਜਾਵੇਗੀ ਡਿਟੇਲ ਸਟੱਡੀ

ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਅਰਥਵਿਵਸਥਾ ਵਿਚ ਬਹੁਤ ਸੁਧਾਰ ਹੋ ਰਿਹਾ ਹੈ ਅਤੇ ਅਗਲੇ ਇਕ-ਦੋ ਸਾਲਾਂ ਵਿਚ ਇਹ ਕਾਫ਼ੀ ਮਜ਼ਬੂਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੀ. ਐੱਸ. ਟੀ. ਨਾਲ ਹੋਣ ਵਾਲੇ ਮਾਲੀਏ ਵਿਚ ਵੀ ਭਾਰੀ ਵਾਧਾ ਹੋਇਆ ਹੈ, ਜਿਸ ਨੂੰ ਪੰਜਾਬ ਦੇ ਵਿਕਾਸ ’ਤੇ ਖਰਚ ਕੀਤਾ ਜਾਵੇਗਾ। ਹੁਣ ਸਮਾਂ ਆ ਗਿਆ ਹੈ ਜਦੋਂ ਪੰਜਾਬ ਨੂੰ ਅੱਗੇ ਲਿਜਾਣ ਲਈ ਲੋਕਾਂ ਨੂੰ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ।

ਇਹ ਵੀ ਪੜ੍ਹੋ : ਰੈਵੇਨਿਊ ’ਚ ਸੰਨ੍ਹ : ਪੰਜਾਬ ’ਚ ਜੀ. ਐੱਸ. ਟੀ. ਵਿਭਾਗਾਂ ਦੀ ਸਖ਼ਤੀ ਨੂੰ ਆਪਣੇ ਨੈੱਟਵਰਕ ਜ਼ਰੀਏ ਭੇਦ ਰਹੇ ਨੇ ਪਾਸਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Anuradha

Content Editor

Related News