ਪੰਜਾਬ ''ਚ ਹਾਈਵੇਅ ਜਾਮ ਨੂੰ ਲੈ ਕੇ ਹਰਪਾਲ ਚੀਮਾ ਦਾ ਵੱਡਾ ਬਿਆਨ, ਸੁਣੋ ਕੀ ਬੋਲੇ (ਵੀਡੀਓ)
Thursday, Mar 20, 2025 - 11:30 AM (IST)

ਚੰਡੀਗੜ੍ਹ : ਪੰਜਾਬ 'ਚ ਕਿਸਾਨਾਂ ਵਲੋਂ ਹਾਈਵੇਅ ਜਾਮ ਕਰਨ ਨੂੰ ਲੈ ਕੇ ਕੈਬਨਿਟ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼ੰਭੂ ਅਤੇ ਖ਼ਨੌਰੀ ਬਾਰਡਰ ਕਿਸਾਨੀ ਮੰਗਾਂ ਕਾਰਨ ਬੰਦ ਪਏ ਹਨ। ਇਹ ਮੰਗਾਂ ਕੇਂਦਰ ਸਰਕਾਰ ਖ਼ਿਲਾਫ਼ ਹਨ ਪਰ ਨੁਕਸਾਨ ਪੰਜਾਬ ਦਾ ਹੋ ਰਿਹਾ ਹੈ। ਪੰਜਾਬ ਆਰਥਿਕ ਤੌਰ 'ਤੇ ਪੱਛੜ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ 2 ਹਾਈਵੇਅ ਬੰਦ ਸਨ, ਉਹ ਦੋਵੇਂ ਪੰਜਾਬ ਦੇ ਲਾਈਫਲਾਈਨ ਸਨ। ਪੂਰੇ ਦੇਸ਼ ਨਾਲ ਵਪਾਰ ਇਨ੍ਹਾਂ ਦੋਹਾਂ ਰੂਟਾਂ (ਸ਼ੰਭੂ ਬਾਰਡਰ ਤੇ ਖ਼ਨੌਰੀ ਬਾਰਡਰ) ਰਾਹੀਂ ਹੁੰਦਾ ਸੀ ਪਰ ਇਹ ਇਕ ਸਾਲ ਤੋਂ ਬੰਦ ਪਏ ਹਨ, ਜਿਸ ਕਾਰਨ ਪੰਜਾਬ ਨੂੰ ਵੱਡਾ ਆਰਥਿਕ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਅਧਿਆਪਕਾਂ ਲਈ CM ਮਾਨ ਦਾ ਵੱਡਾ ਐਲਾਨ, ਹੁਣ ਅਧਿਆਪਕ ਸਿਰਫ...
ਉਨ੍ਹਾਂ ਕਿਹਾ ਕਿ ਮੇਰੀ ਅੱਜ ਵੀ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਨਾਲ ਅੱਜ ਵੀ ਖੜ੍ਹੀ ਹੈ। ਤੁਸੀਂ ਕੇਂਦਰ ਸਰਕਾਰ ਖ਼ਿਲਾਫ਼ ਜਿਹੜਾ ਮਰਜ਼ੀ ਧਰਨਾ ਦਿਓਗੇ, ਅਸੀਂ ਤੁਹਾਡੇ ਨਾਲ ਹਾਂ ਪਰ ਪੰਜਾਬ ਨੂੰ ਨੁਕਸਾਨ ਨਾ ਪਹੁੰਚਾਓ। ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਦੇ ਹਾਈਵੇਅ ਨਾ ਰੋਕਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਪੰਜਾਬ ਦਾ ਅਰਥਚਾਰਾ ਬੇਹੱਦ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ 2003 ਤੋਂ ਲੈ ਕੇ ਹੁਣ ਤੱਕ ਜੀ. ਡੀ. ਪੀ. ਅੰਦਰ ਸਭ ਤੋਂ ਵੱਧ ਯੋਗਦਾਨ ਪੰਜਾਬ ਦਾ ਹੁੰਦਾ ਸੀ ਪਰ ਅੱਜ ਪੰਜਾਬ 19ਵੇਂ ਨੰਬਰ 'ਤੇ ਪਹੁੰਚ ਗਿਆ ਹੈ। ਇਸ ਦਾ ਕਾਰਨ ਹੈ ਕਿ ਵੱਡੇ-ਵੱਡੇ ਪ੍ਰਾਜੈਕਟ ਪਿੱਛੇ ਨੂੰ ਜਾ ਰਹੇ ਹਨ ਅਤੇ ਇੰਡਸਟਰੀ ਪੰਜਾਬ 'ਚ ਨਹੀਂ ਆ ਰਹੀ।
ਇਹ ਵੀ ਪੜ੍ਹੋ : ਪੰਜਾਬ ਪੁਲਸ 'ਚ ਸਿੱਧੀ ਭਰਤੀ ਨੂੰ ਲੈ ਕੇ ਵੱਡੀ ਖ਼ਬਰ! ਸੂਬਾ ਸਰਕਾਰ ਨੇ ਬਦਲਿਆ ਪੁਰਾਣਾ ਫ਼ੈਸਲਾ
ਸਾਡੀ ਸਰਕਾਰ ਦਾ ਟੀਚਾ ਪੰਜਾਬ ਅੰਦਰ ਵੱਧ ਤੋਂ ਵੱਧ ਇੰਡਸਟਰੀ ਲਿਆਉਣਾ ਹੈ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਪੰਜਾਬ 'ਚ ਨਸ਼ਿਆਂ ਖ਼ਿਲਾਫ਼ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਬਾਰੇ ਬੋਲਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੂਰਾ ਪੰਜਾਬ ਨਸ਼ਿਆਂ ਖ਼ਿਲਾਫ਼ ਵੱਡੀ ਲੜਾਈ ਲੜ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਕ ਵੱਡਾ ਪ੍ਰਣ ਲਿਆ ਹੈ ਕਿ ਪੰਜਾਬ 'ਚ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨਾ ਹੈ। ਸਾਡੀ ਕਮੇਟੀ ਇਸ 'ਤੇ ਕੰਮ ਕਰ ਰਹੀ ਹੈ। ਬਹੁਤ ਸਾਰੇ ਨਸ਼ਾ ਤਸਕਰ ਫੜ੍ਹ ਕੇ ਜੇਲ੍ਹਾਂ 'ਚ ਭੇਜੇ ਗਏ ਅਤੇ ਵੱਡੀ ਗਿਣਤੀ 'ਚ ਨਸ਼ਾ ਤਸਕਰਾਂ ਦੇ ਘਰ ਢਹਿ-ਢੇਰੀ ਕੀਤੇ ਅਤੇ ਬਹੁਤ ਸਾਰੇ ਮੁਕਾਬਲਿਆਂ ਦੌਰਾਨ ਪੁਲਸ ਦੀਆਂ ਗੋਲੀਆਂ ਦਾ ਸ਼ਿਕਾਰ ਵੀ ਬਣੇ। ਹਰਪਾਲ ਚੀਮਾ ਨੇ ਕਿਹਾ ਕਿ ਸਿਰਫ ਨਸ਼ਾ ਤਸਕਰਾਂ ਨੂੰ ਫੜ੍ਹਨ ਨਾਲ ਹੀ ਨਸ਼ਾ ਖ਼ਤਮ ਨਹੀਂ ਹੋਵੇਗਾ, ਸਗੋਂ ਇਹ ਤਾਂ ਹੋਵੇਗਾ ਜੇਕਰ ਨਸ਼ਿਆਂ 'ਚ ਲੱਗੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਰੁਜ਼ਗਾਰ ਤਾਂ ਮਿਲੇਗਾ, ਜੇਕਰ ਪੰਜਾਬ 'ਚ ਇੰਡਸਟਰੀ ਆਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8