ਗ੍ਰਹਿ ਮੰਤਰੀ ਗ਼ਾਇਬ, ਹੋਰ ਬਦਤਰ ਹੋ ਰਹੀ ਹੈ ਪੰਜਾਬ ''ਚ ਕਾਨੂੰਨ ਵਿਵਸਥਾ : ਹਰਪਾਲ ਚੀਮਾ
Sunday, May 17, 2020 - 01:56 AM (IST)
ਕਪੂਰਥਲਾ,(ਮਹਾਜਨ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਚਿੰਤਾਜਨਕ ਕਰਾਰ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿੰਨਾ ਕੋਲ ਗ੍ਰਹਿ ਮੰਤਰਾਲਾ ਵੀ ਹੈ, ਦੇ ਲੰਮਾ-ਲੰਮਾ ਸਮਾਂ ਗ਼ਾਇਬ ਰਹਿਣ ਕਾਰਣ ਪੰਜਾਬ 'ਚ ਅਮਨ-ਕਾਨੂੰਨ ਦੀ ਸਥਿਤੀ ਹੋਰ ਜ਼ਿਆਦਾ ਬਦਤਰ ਹੁੰਦੀ ਜਾ ਰਹੀ ਹੈ। ਸੱਤਾਧਾਰੀਆਂ ਅਤੇ ਅਫ਼ਸਰਸ਼ਾਹੀ ਦੀ ਸ਼ਹਿ 'ਤੇ ਚੱਲਦੇ ਮਾਫ਼ੀਆਂ ਰਾਜ 'ਚ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਪੁਲਸ-ਪ੍ਰਸ਼ਾਸਨ 'ਚ ਬੇਲੋੜੇ ਸਿਆਸੀ ਦਖ਼ਲ ਅਤੇ ਅੱਤ ਦੇ ਭ੍ਰਿਸ਼ਟਾਚਾਰ ਨੇ ਪੁਲਸ ਤੰਤਰ ਅੰਦਰ ਵੀ ਅਪਰਾਧੀ ਪ੍ਰਵਿਰਤੀ ਪੈਦਾ ਕਰ ਦਿੱਤੀ ਹੈ।
ਲੱਖਣ ਕੇ ਪੱਡਾ (ਭੁਲੱਥ) ਦੇ ਦੋ ਹੋਣਹਾਰ ਗੱਭਰੂਆਂ ਅਤੇ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਇਕ ਬੇਲਗ਼ਾਮ ਥਾਣੇਦਾਰ (ਏ. ਐੱਸ. ਆਈ.) ਵੱਲੋਂ ਗੋਲੀਆਂ ਨਾਲ ਭੁੰਨ ਸੁੱਟਣਾ ਪੁਲਸ ਪ੍ਰਣਾਲੀ 'ਚ ਪੈਦਾ ਹੋਈ ਅਪਰਾਧੀ ਪ੍ਰਵਿਰਤੀ ਦੀ ਤਾਜ਼ਾ ਮਿਸਾਲ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਪਾਲ ਸਿੰਘ ਚੀਮਾ ਨੇ ਆਪਣੀ ਕਪੂਰਥਲਾ ਫੇਰੀ ਦੌਰਾਨ ਕੀਤਾ। ਇਸ ਤੋਂ ਇਲਾਵਾ ਚੀਮਾ ਨੇ ਦੋਸ਼ੀ ਪੁਲਸ ਵਾਲੇ ਵਿਰੁੱਧ 10 ਦਿਨਾਂ ਦੇ ਅੰਦਰ-ਅੰਦਰ ਚਲਾਨ ਪੇਸ਼ ਕਰਨ ਅਤੇ 3 ਮਹੀਨਿਆਂ ਅੰਦਰ ਅਦਾਲਤੀ ਟਰਾਇਲ ਮੁਕੰਮਲ ਕਰਨ ਦੀ ਮੰਗ ਕੀਤੀ।
ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਗ੍ਰਹਿ ਵਿਭਾਗ ਸੰਭਾਲਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਰਹੀ, ਇਸ ਲਈ ਇਹ ਮੰਤਰਾਲਾ ਕਿਸੇ ਜ਼ਿੰਮੇਵਾਰ ਅਤੇ ਯੋਗ ਸ਼ਖ਼ਸ ਨੂੰ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਗੈਰੀ ਬੜਿੰਗ, ਕੁਲਦੀਪ ਸਿੰਘ ਧਾਲੀਵਾਲ, ਹਰਚੰਦ ਸਿੰਘ ਬਰਸਟ, ਡਾ. ਮਾਲਵਿੰਦਰ ਮਾਲੀ, ਨਵਦੀਪ ਸਿੰਘ ਸੰਘਾ, ਗੁਰਿੰਦਰਜੀਤ ਸਿੰਘ ਪਾਵਲਾ, ਜਸਵੀਰ ਸਿੰਘ ਰਾਜਾ ਗਿੱਲ, ਲੱਕੀ ਰੰਧਾਵਾ, ਮਹਿੰਦਰ ਸਿੰਘ ਸਰਪੰਚ, ਕੇਵਲ ਸਿੰਘ ਪੱਡਾ, ਲਵਦੀਪ ਸਿੰਘ ਗਿੱਲ ਅਤੇ ਬਲਵੰਤ ਭਾਟੀਆ ਵੀ ਮੌਜੂਦ ਸਨ।