ਪੈਸੇ ਲੈ ਕੇ ਐੱਸ.ਐੱਸ.ਪੀ ਲਾਉਣ ਦੇ ਮੁੱਦੇ ’ਤੇ ਜਵਾਬ ਦੇਣ ਮੁੱਖ ਮੰਤਰੀ ਚੰਨੀ : ਹਰਪਾਲ ਚੀਮਾ

Friday, Dec 10, 2021 - 06:12 PM (IST)

ਪੈਸੇ ਲੈ ਕੇ ਐੱਸ.ਐੱਸ.ਪੀ ਲਾਉਣ ਦੇ ਮੁੱਦੇ ’ਤੇ ਜਵਾਬ ਦੇਣ ਮੁੱਖ ਮੰਤਰੀ ਚੰਨੀ : ਹਰਪਾਲ ਚੀਮਾ

ਚੰਡੀਗੜ੍ਹ : ਕਾਂਗਰਸ ਸਰਕਾਰ ਵਿਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੀ ਹੀ ਸਰਕਾਰ ’ਤੇ ਪੈਸੇ ਲੈ ਕੇ ਐੱਸ.ਐੱਸ.ਪੀ (ਜ਼ਿਲ੍ਹਾ ਪੁਲਸ ਮੁਖੀ) ਨਿਯੁਕਤ ਅਤੇ ਬਦਲੀਆਂ ਕਰਨ ਦੇ ਦੋਸ਼ਾਂ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਬੇਹੱਦ ਮੰਦਭਾਗਾ ਦੱਸਿਆ ਹੈ। 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਇਸ ਘਟਨਾ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਮਹਾਂਭ੍ਰਿਸ਼ਟ ਸਰਕਾਰ ਹੈ। ਕਾਂਗਰਸ ਦੇ ਆਗੂ ਸਰਕਾਰ ’ਚ ਬੈਠ ਕੇ ਮਾਫੀਆ ਚਲਾ ਰਹੇ ਹਨ। ਆਮ ਆਦਮੀ ਦਾ ਆਗੂ ਹੋਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਤਰੀ ਵੱਲੋਂ ਪੈਸੇ ਲੈ ਕੇ ਪੁਲਸ ਅਧਿਕਾਰੀਆਂ ਦੀਆਂ ਨਿਯੁਕਤੀ ਅਤੇ ਬਦਲੀਆ ਕਰਨ ਦੇ ਮਾਮਲੇ ’ਤੇ ਜਵਾਬ ਦੇਣਾ ਚਾਹੀਦਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲ ਦੀ ਨਿਕਾਮੀ ਅਤੇ ਭ੍ਰਿਸ਼ਟ ਸ਼ਾਸਨ ਨੂੰ ਛੁਪਾਉਣ ਲਈ ਮੁੱਖ ਮੰਤਰੀ ਬਦਲਣ ਦਾ ਨਾਟਕ ਕੀਤਾ ਹੈ ਪਰ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਕਾਂਗਰਸ ਦੀ ਨਵੀਂ ਚੰਨੀ ਸਰਕਾਰ 'ਚ ਪਿਛਲੀ ਕੈਪਟਨ ਅਤੇ ਬਾਦਲ ਸਰਕਾਰ ਦੀ ਤਰ੍ਹਾਂ ਹੀ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਨੂੰ ਲੁੱਟ ਰਹੀ ਹੈ। ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਸੱਤਾ ’ਚ ਬੈਠ ਕੇ ਪੈਸੇ ਕਮਾਉਣ ਲਈ ਟਰਾਂਸਫਰ-ਪੋਸਟਿੰਗ ਦਾ ਧੰਦਾ ਚਲਾ ਰਹੇ ਹਨ। ਅਜੇ ਸਿਰਫ਼ ਇਕ ਹੀ ਵਿਭਾਗ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਸੱਚਾਈ ਇਹ ਹੈ ਕਿ ਸਾਰੇ ਵਿਭਾਗਾਂ ਵਿਚ ਪੈਸੇ ਲੈ ਕੇ ਖੁੱਲੇਆਮ ਅਫ਼ਸਰਾਂ ਦੀਆਂ ਬਦਲੀਆਂ ਅਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ।

'ਆਪ' ਆਗੂ ਨੇ ਕਿਹਾ ਕਿ ਮਾਫੀਆ ਲਈ ਕਾਂਗਰਸੀ ਮੰਤਰੀ ਅਫ਼ਸਰਾਂ ਦੀ ਆਪਣੇ ਹਿਸਾਬ ਨਾਲ ਟਰਾਂਸਫਰ-ਪੋਸਟਿੰਗ ਕਰਨ ਲਈ ਆਪਸ ਵਿੱਚ ਹੀ ਲੜ ਰਹੇ ਹਨ। ਚੰਨੀ ਸਰਕਾਰ ’ਚ ਪੁਲਸ ਦੀ ਗਲਤ ਵਰਤੋਂ ਕਰਕੇ ਮਾਫੀਆ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਹ ਗੱਲ ਖੁੱਦ ਕਾਂਗਰਸੀ ਮੰਤਰੀ ਅਤੇ ਵਿਧਾਇਕ ਕਹਿ ਰਹੇ ਹਨ। ਕਾਂਗਰਸ ਸਰਕਾਰ ਦੇ ਆਗੂਆਂ ਅਤੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਨੇ ਇਹ ਸਿੱਧ ਕਰ ਦਿੱਤਾ ਕਿ ਕਾਂਗਰਸ ਤੋਂ ਇਮਾਨਦਾਰ ਸ਼ਾਸਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਲਈ ਸੱਤਾ ਸੇਵਾ ਲਈ ਨਹੀਂ, ਸਗੋਂ ਪੈਸੇ ਕਮਾਉਣ ਦਾ ਜ਼ਰੀਆ ਹੈ। ਕਾਂਗਰਸੀ ਆਗੂਆਂ ਨੂੰ ਲੋਕਾਂ ਦੇ ਕੰਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਆਪਣੇ ਫਾਇਦੇ ਅਤੇ ਕੁਰਸੀ ਪਾਉਣ ਲਈ ਰਾਜਨੀਤੀ ਕਰਦੇ ਹਨ। ਕਾਂਗਰਸੀ ਆਗੂਆਂ ਨੂੰ ਸਿਰਫ਼ ਆਪਣੀ ਜੇਬ ਭਰਨ ਤੱਕ ਮਤਲਬ ਹੈ। ਚੀਮਾ ਨੇ ਪੰਜਾਬ ਦੇ ਲੋਕਾਂ ਨੂੰ 2022 ਦੀਆਂ ਚੋਣਾ ਵਿੱਚ ਕਾਂਗਰਸ ਦੀ ਇਸ ਮਹਾਂਭ੍ਰਿਸ਼ਟ ਅਤੇ ਮਾਫੀਆ ਸਰਕਾਰ ਨੂੰ ਸੱਤਾ ਦੀ ਕੁਰਸੀ ਤੋਂ ਉਤਾਰ ਸੁਟਣ ਅਤੇ ਲੋਕਾਂ ਦੀ ਸੇਵਾ ਕਰਨ ਵਾਲੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ।


author

Gurminder Singh

Content Editor

Related News