ਪ੍ਰਧਾਨ ਮੰਤਰੀ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਰੱਖਦੇ ਕਮਜ਼ੋਰੀਆਂ ਦੇ ਮਾਰੇ ਕੈਪਟਨ : ਚੀਮਾ

Monday, Nov 02, 2020 - 11:27 PM (IST)

ਚੰਡੀਗੜ੍ਹ,(ਰਮਨਜੀਤ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੂੰ ਪੰਜਾਬ ਲਈ ਮਾਲ ਗੱਡੀਆਂ ਸ਼ੁਰੂ ਕਰਨ ਬਾਰੇ ਲਿਖੇ ਖੁੱਲ੍ਹੇ ਪੱਤਰ ਬਾਰੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਹਰਪਾਲ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦਿਨੋਂ-ਦਿਨ ਗੰਭੀਰ ਹੁੰਦੇ ਜਾ ਰਹੇ ਕਿਸਾਨੀ ਮਸਲੇ ਦੇ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਦੀ ਥਾਂ ਡਰਾਮੇ 'ਤੇ ਡਰਾਮੇ ਕਰ ਰਹੇ ਹਨ। ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਡਰਾਮਾ ਕੀਤਾ ਅਤੇ ਨੋਟੰਕੀਬਾਜ਼ੀ ਨਾਲ ਕੇਂਦਰੀ ਕਾਲੇ ਕਾਨੂੰਨਾਂ 'ਚ ਹੀ ਤਰਕਹੀਣ ਸੋਧਾਂ ਕਰਕੇ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾਇਆ। ਫਿਰ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਥਾਂ ਰਾਸ਼ਟਰਪਤੀ ਨੂੰ ਮਿਲਣ ਦੀ ਡਰਾਮੇਬਾਜ਼ੀ ਐਲਾਨੀ ਅਤੇ ਹੁਣ ਜੇ. ਪੀ. ਨੱਢਾ ਨੂੰ ਪੱਤਰ ਲਿਖ ਕੇ ਆਪਣੇ ਡਰਾਮਾ ਸੀਰੀਅਲ ਦਾ ਅਗਲਾ ਭਾਗ ਰਿਲੀਜ਼ ਕਰ ਦਿੱਤਾ।

ਚੀਮਾ ਨੇ ਕਿਹਾ ਕਿ ਇਹ ਸਾਰੀ ਡਰਾਮੇਬਾਜ਼ੀ ਜਿੱਥੇ ਸੰਘਰਸ਼ਸ਼ੀਲ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਚਾਲਾਂ ਹਨ, ਉੱਥੇ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਸਿੱਧੇ-ਅਸਿੱਧੇ ਰੂਪ ਵਿਚ ਹਮਾਇਤ ਹੈ, ਜੋ ਮੁੱਖ ਮੰਤਰੀ ਦੇ ਦੋਹਰੇ ਮਾਪਦੰਡਾਂ ਦੀ ਪੋਲ ਖੋਲ੍ਹਦੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਨਿੱਜੀ, ਸਿਆਸੀ, ਵਿੱਤੀ ਅਤੇ ਮੁੱਖ ਮੰਤਰੀ ਦੇ ਤੌਰ 'ਤੇ ਅਮਰਿੰਦਰ ਸਿੰਘ ਦੀਆਂ ਅਣਗਿਣਤ ਕਮਜ਼ੋਰੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹਨ ਅਤੇ ਅਮਰਿੰਦਰ ਸਿੰਘ ਇਨ੍ਹਾਂ ਕਮਜ਼ੋਰੀਆਂ ਕਰਕੇ ਪ੍ਰਧਾਨ ਮੰਤਰੀ ਮੋਦੀ ਦੇ ਇਸ਼ਾਰਿਆਂ 'ਤੇ ਨੱਚਦੇ ਹਨ। ਉਨ੍ਹਾਂ ਕਿਹਾ ਕਿ ਜਿਸ ਮੁੱਖ ਮੰਤਰੀ 'ਚ ਆਪਣੇ ਸੂਬੇ ਦੇ ਕਿਸਾਨਾਂ, ਵਪਾਰੀਆਂ ਅਤੇ ਹੋਰ ਵਰਗਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਗੱਲ ਕਰਨ ਜਾਂ ਮਿਲਣ ਦੀ ਜੁਰੱਅਤ ਨਹੀਂ ਹੈ, ਅਜਿਹੇ ਮੁੱਖ ਮੰਤਰੀ ਦੀ ਪੰਜਾਬ ਨੂੰ ਕੋਈ ਜ਼ਰੂਰਤ ਨਹੀਂ, ਇਸ ਲਈ ਅਮਰਿੰਦਰ ਸਿੰਘ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।


Deepak Kumar

Content Editor

Related News