ਗਿਆਨੀ ਹਰਨਾਮ ਸਿੰਘ ਖਾਲਸਾ ਤੇ ਕਿਸਾਨ ਆਗੂ ਰਾਜੇਵਾਲ ਦੀ ਬੰਦ ਕਮਰਾ ਮੀਟਿੰਗ, ਛਿੜੀ ਨਵੀਂ ਚਰਚਾ

05/01/2021 7:34:58 PM

ਚੌਂਕ ਮਹਿਤਾ (ਪਾਲ) : ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਅਚਨਚੇਤ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਹੈੱਡ ਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਬੰਦ ਕਮਰਾ ਮੀਟਿੰਗ ਕੀਤੀ। ਕਰੀਬ 70 ਮਿੰਟ ਚੱਲੀ ਇਸ ਬੰਦ ਕਮਰਾ ਮੀਟਿੰਗ ਉਪਰੰਤ ਜਦ ਦਮਦਮੀ ਟਕਸਾਲ ਮੁਖੀ ਤੋਂ ਇਸ ਮੀਟਿੰਗ ਸਬੰਧੀ ਸਵਾਲ ਕੀਤੇ ਗਏ ਤਾਂ ਉਨ੍ਹਾਂ ਵੱਲੋਂ ਕੋਈ ਵੀ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਨਾ ਕੀਤੀ, ਜਦਕਿ ਪ੍ਰਧਾਨ ਰਾਜੇਵਾਲ ਵੀ ਪੱਤਰਕਾਰਾਂ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ ਤੇ ਗੱਲ ਨੂੰ ਟਾਲਮਟੋਲ ਕਰਦਿਆਂ ਉੱਥੋਂ ਚਲੇ ਗਏ।

ਇਹ ਵੀ ਪੜ੍ਹੋ : ਲੋਪੋਕੇ ਵਿਖੇ ਵੱਡੀ ਵਾਰਦਾਤ, ਦਿਨ-ਦਿਹਾੜੇ ਘਰ ਅੰਦਰ ਵੜ ਕੇ ਗੋਲ਼ੀਆਂ ਨਾਲ ਭੁੰਨਿਆ ਨੌਜਵਾਨ

ਦਮਦਮੀ ਟਕਸਾਲ ਮੁਖੀ ਤੇ ਕਿਸਾਨ ਯੂਨੀਅਨ ਰਾਜੇਵਾਲ ਪ੍ਰਧਾਨ ਦੀ ਅਚਨਚੇਤ ਫੇਰੀ ਤੋਂ ਬਾਅਦ ਅੱਜ ਦੀ ਇਹ ਗੁਪਤ ਮੀਟਿੰਗ ਜਿੱਥੇ ਕਈ ਸਵਾਲ ਪੈਦਾ ਕਰ ਗਈ ਹੈ, ਉੱਥੇ ਹੀ ਇਸ ਮੀਟਿੰਗ ਨੂੰ ਲੈ ਕੇ ਸਿਆਸੀ ਗਲਿਆਰਿਆਂ ’ਚ ਵੀ ਵੱਡੀ ਚਰਚਾ ਛਿੜ ਚੁੱਕੀ ਹੈ ਤੇ ਦੋਵਾਂ ਧਿਰਾਂ ਦੀ ਇਸ ਮੀਟਿੰਗ ਨੂੰ ਆਮ ਨਹੀਂ ਸਮਝਿਆ ਜਾ ਸਕਦਾ। ਭਰੋਸੇਯੋਗ ਸੂਤਰਾਂ ਮੁਤਾਬਿਕ ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਨੂੰ ਉੱਥੋਂ ਉਠਾਉਣ ਲਈ ਚਲਾਏ ਜਾ ਸਕਦੇ ‘ਆਪ੍ਰੇਸ਼ਨ ਕਲੀਨ’ ਦੀ ਸੰਭਾਵਨਾਵਾਂ ਦੇ ਮੱਦੇਨਜ਼ਰ ਇਸ ਮੀਟਿੰਗ ਦਾ ਮਨੋਰਥ ਪ੍ਰਧਾਨ ਰਾਜੇਵਾਲ ਵੱਲੋਂ ਕਿਸਾਨ ਅੰਦੋਲਨ ਲਈ ਦਮਦਮੀ ਟਕਸਾਲ ਦਾ ਸਮਰਥਨ ਜੁਟਾਏ ਜਾਣਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੁਝ ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਆਈ ਦੂਰੀ ਤੋਂ ਬਾਅਦ ਕਿਸਾਨ ਆਗੂ ਨਾਲ ਅਜਿਹੀ ਮੀਟਿੰਗ ਕੀਤੇ ਜਾਣਾ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦਾ ਹੈ, ਜਿਨ੍ਹਾਂ ਦੇ ਜਵਾਬ ਭਵਿੱਖ ਦੀ ਗਰਭ ’ਚ ਪਲ ਰਹੇ ਹਨ।

ਇਹ ਵੀ ਪੜ੍ਹੋ : ਸੁੱਚਾ ਸਿੰਘ ਲੰਗਾਹ ਦੇ ਬਿਰਧ ਮਾਤਾ-ਪਿਤਾ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੁੱਤ ਦੀ ਮਾਫ਼ੀ ਲਈ ਅਪੀਲ

ਭਾਵੇਂ ਕਿ ਹਰਨਾਮ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੱਟੜ ਸਮੱਰਥਕ ਮੰਨਿਆ ਜਾਂਦਾ ਹੈ ਪਰ ਪਿਛਲੇ ਲ਼ੰਬੇ ਸਮੇਂ ਤੋਂ ਕੁਝ ਸਿਧਾਂਤਕ ਵਖਰੇਵਿਆਂ ਦੇ ਚੱਲਦਿਆਂ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦੂਰੀ ਬਣਾਈ ਹੋਈ ਹੈ। ਇਸ ਸਮੇਂ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ, ਅਜਿਹੇ ’ਚ ਦੋਵਾਂ ਧਿਰਾਂ ਵੱਲੋਂ ਕੀਤੀ ਗਈ ਇਹ ਮੀਟਿੰਗ ਕਈ ਤਰ੍ਹਾਂ ਦੇ ਨਵੇਂ ਰਾਜਨੀਤਿਕ ਸਮੀਕਰਨ ਪੈਦਾ ਕਰ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਅਦਾਲਤ ਵਲੋਂ ਕੋਟਕਪੂਰਾ ਗੋਲ਼ੀਕਾਂਡ ਮਾਮਲੇ ਦੀ ਫਾਈਲ ਬੰਦ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News