ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਲਈ ਤਿੰਨ ਹੋਰ ਲਿਫਟਾਂ ਦੀ ਸ਼ੁਰੂਆਤ

Wednesday, Jan 31, 2018 - 03:39 PM (IST)

ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਲਈ ਤਿੰਨ ਹੋਰ ਲਿਫਟਾਂ ਦੀ ਸ਼ੁਰੂਆਤ

ਅੰਮ੍ਰਿਤਸਰ - ਸ੍ਰੀ ਹਰਮਿੰਦਰ ਸਾਹਿਬ ਆਉਣ ਵਾਲੇ ਬਜ਼ੁਰਗ ਤੇ ਅਪਾਹਜ ਸ਼ਰਧਾਲੂਆਂ ਲਈ ਪੌੜੀਆਂ ਦੇ ਰਸਤੇ ਪਰਿਕਰਮਾ 'ਚ ਜਾਣ ਲਈ ਪੇਸ਼ ਆਉਂਦੀਆਂ ਮੁਸ਼ਕਲਾਂ ਹੱਲ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਥਾਵਾਂ 'ਤੇ ਕੁਰਸੀ ਵਾਲੀਆਂ ਲਿਫਟਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ 'ਚੋਂ ਤਿੰਨ ਕੁਰਸੀ ਲਿਫਟਾਂ ਸਥਾਪਤ ਹੋ ਚੁੱਕੀਆਂ ਹਨ ਤੇ ਇੱਕ 'ਤੇ ਕੰਮ ਚੱਲ ਰਿਹਾ ਹੈ ।ਕੰਮ ਪੂਰਾ ਹੋਣ ਤੋਂ ਬਾਅਦ ਹੀ ਚਾਰੋਂ ਕੁਰਸੀ ਲਿਫਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਦਾਖ਼ਲ ਹੋਣ ਲਈ ਛੇ ਰਸਤੇ ਹਨ, ਜਿਨ੍ਹਾਂ 'ਚੋਂ ਚਾਰ ਰਸਤਿਆਂ ਤੋਂ ਪੌੜੀਆਂ ਰਾਹੀਂ ਹੇਠਾਂ ਉਤਰ ਕੇ ਪਰਿਕਰਮਾ 'ਚ ਆਉਣਾ ਪੈਂਦਾ ਹੈ। ਇਨ੍ਹਾਂ ਚਾਰ ਰਸਤਿਆਂ 'ਚ ਲੰਗਰ ਵਾਲੀ ਬਾਹੀ ਦਾ ਦਰਵਾਜ਼ਾ, ਆਟਾ ਮੰਡੀ ਡਿਉਢੀ ਤੇ ਅਕਾਲ ਤਖ਼ਤ ਦੇ ਨੇੜੇ ਦੋਵੇਂ ਪਾਸੇ ਦੀਆਂ ਡਿਉਢੀਆਂ ਸ਼ਾਮਲ ਹਨ। ਇੱਥੋਂ ਪੌੜੀਆਂ ਰਸਤੇ ਹੇਠਾਂ ਉਤਰਨ 'ਚ ਖਾਸ ਕਰਕੇ ਬਜ਼ੁਰਗ ਅਤੇ ਅਪਾਹਜ ਸ਼ਰਧਾਲੂਆਂ ਨੂੰ ਕਾਫ਼ੀ ਸਮੱਸਿਆ ਆਉਂਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਨ੍ਹਾਂ ਚਾਰ ਥਾਵਾਂ 'ਤੇ ਕੁਰਸੀ ਵਾਲੀਆਂ ਲਿਫਟਾਂ ਲਾਈਆਂ ਜਾ ਰਹੀਆਂ ਹਨ। ਅਪਾਹਜ ਜਾਂ ਬਜ਼ੁਰਗ ਸ਼ਰਧਾਲੂ ਕੁਰਸੀ ਵਾਲੀ ਲਿਫਟ 'ਤੇ ਬੈਠ ਕੇ ਸਿਰਫ਼ ਇੱਕ ਬਟਨ ਦੱਬਣ ਨਾਲ ਹੇਠਾਂ ਪਰਿਕਰਮਾ ਤਕ ਪੁੱਜ ਜਾਵੇਗਾ। ਇਸੇ ਤਰ੍ਹਾਂ ਪਰਿਕਰਮਾ ਤੋਂ ਉਪਰ ਵੀ ਜਾ ਸਕੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਕੁਰਸੀ ਵਾਲੀਆਂ ਲਿਫਟਾਂ ਚਾਰ ਦਿਸ਼ਾਵਾਂ ਤੋਂ ਪਰਿਕਰਮਾ 'ਚ ਦਾਖਲ ਹੋਣ ਲਈ ਸਥਾਪਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ 'ਚੋਂ ਤਿੰਨ ਲਿਫਟਾਂ ਸਥਾਪਤ ਹੋ ਚੁੱਕੀਆਂ ਹਨ ਅਤੇ ਇੱਕ 'ਤੇ ਕੰਮ ਚੱਲ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਨੇ ਦੱਸਿਆ ਕਿ ਅਗਲੇ ਦਸ ਦਿਨਾਂ ਤਕ ਆਖ਼ਰੀ ਲਿਫਟ ਵੀ ਸਥਾਪਤ ਹੋ ਜਾਵੇਗੀ ਅਤੇ ਇਸ ਮਗਰੋਂ ਕੁਰਸੀ ਲਿਫਟਾਂ ਸ਼ਰਧਾਲੂਆਂ ਲਈ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਵੇਲੇ ਇੱਕ ਲਿਫਟ ਦੀ ਕੀਮਤ ਲਗਪਗ ਸਵਾ ਲੱਖ ਰੁਪਏ ਹੈ।


Related News