ਭਾਈ ਖਾਲਸਾ ਦੇ ਸਸਕਾਰ ਦੇ ਵਿਰੋਧ ਤੋਂ ਨਾਰਾਜ਼ ਦਰਬਾਰ ਸਾਹਿਬ ਦੇ ਰਾਗੀਆਂ ਦਾ ਸਖਤ ਫੈਸਲਾ

04/03/2020 7:09:16 PM

ਅੰਮ੍ਰਿਤਸਰ (ਅਨਜਾਣ) : ਵੇਰਕਾ ਦੇ ਕੁਝ ਲੋਕਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੇ ਦਿਹਾਂਤ ਤੋਂ ਬਾਅਦ ਸਸਕਾਰ ਨਾ ਹੋਣ ਦੇਣ ਦਾ ਵਿਵਾਦ ਵੱਧਦਾ ਜਾ ਰਿਹਾ ਹੈ। ਇਸ ਘਟਨਾ ਤੋਂ ਨਾਰਾਜ਼ ਹਜ਼ੂਰੀ ਰਾਗੀ ਜਥੇ ਨੇ ਐਲਾਨ ਕੀਤਾ ਹੈ ਕਿ ਉਹ ਕਦੇ ਵੀ ਵੇਰਕਾ ਵਿਚ ਕੀਰਤਨ ਨਹੀਂ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਨੇ ਕਿਹਾ ਕਿ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਸਦੀਵੀ ਵਿਛੋੜੇ ਦੇ ਚੱਲਦਿਆਂ ਜਿੱਥੇ ਸਮੁੱਚੇ ਸਿੱਖ ਪੰਥ ਵਿਚ ਦੁੱਖ ਦੀ ਲਹਿਰ ਹੈ, ਉੱਥੇ ਹੀ ਉਨ੍ਹਾਂ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਵੇਰਕਾ ਪਿੰਡ ਵਿਚ ਕੀਤੇ ਵਿਰੋਧ ਦੇ ਚੱਲਦਿਆਂ ਸਮੁੱਚੇ ਸਿੱਖ ਜਗਤ ਵਿਚ ਰੋਸ ਵੀ ਹੈ। ਉਨ੍ਹਾਂ ਕਿਹਾ ਕਿ ਇਸ ਰੋਸ ਦੇ ਚੱਲਦੇ ਹਜ਼ੂਰੀ ਰਾਗੀ ਜਥੇ ਨੇ ਫੈਸਲਾ ਕੀਤਾ ਹੈ ਕਿ ਉਹ ਕਦੇ ਵੀ ਵੇਰਕਾ ਵਿਚ ਕੀਰਤਨ ਨਹੀਂ ਕਰਨਗੇ। 

ਇਹ ਵੀ ਪੜ੍ਹੋ : ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦੇ ਵਿਰੋਧ ''ਤੇ ਕੈਪਟਨ ਦਾ ਵੱਡਾ ਬਿਆਨ    

ਭਾਈ ਗੁਰਦੇਵ ਸਿੰਘ ਨੇ ਆਖਿਆ ਕਿ ਵੇਰਕਾ ਦੇ ਕੁਝ ਵਿਅਕਤੀਆਂ ਨੇ ਕਰਫਿਊ ਦੇ ਨਿਯਮਾਂ ਨੂੰ ਤੋੜਦੇ ਹੋਏ ਲੋਕਾਂ ਦਾ ਇਕੱਠ ਕਰਕੇ ਸਸਕਾਰ ਦਾ ਵਿਰੋਧ ਕੀਤਾ ਹੈ, ਜੋ ਕਿ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਰਾਗੀ ਸਾਹਿਬਾਨ ਹਨ ਭਾਵੇਂ ਉਹ ਕਿਸੇ ਵੀ ਗੁਰਦੁਆਰਾ ਸਾਹਿਬ ਵਿਚ ਸੇਵਾ ਨਿਭਾਅ ਰਹੇ ਹਨ, ਉਹ ਵੇਰਕਾ ਵਿਚ ਕੀਰਤਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਫੈਸਲਾ ਬਾਈ ਉਂਕਾਰ ਸਿੰਘ ਨੇ ਸਾਰੇ ਐਗਜ਼ੈਕਟਿਵ ਕਮੇਟੀ ਦੇ ਮੈਂਬਰਾਂ ਅਤੇ ਸਕੱਤਰ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੀਤਾ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਕਿ ਆਉਣ ਵਾਲੇ ਸਮੇਂ ਵਿਚ ਅਜਿਹੀ ਘਟਨਾ ਨਾ ਵਾਪਰ ਸਕੇ।

ਇਹ ਵੀ ਪੜ੍ਹੋ : ਪੰਜਾਬ ''ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 51    

ਦੱਸਣਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦਾ ਵੀਰਵਾਰ ਸਵੇਰੇ ਦਿਹਾਂਤ ਹੋ ਗਿਆ ਸੀ। ਬੁੱਧਵਾਰ ਨੂੰ ਭਾਈ ਨਿਰਮਲ ਖਾਲਸਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ ਅਤੇ ਵੀਰਵਾਰ ਸਵੇਰੇ ਤੜਕੇ ਸਾਢੇ ਚਾਰ ਵਜੇ ਉਹ ਅਕਾਲ ਚਲਾਣਾ ਕਰ ਗਏ। ਭਾਈ ਨਿਰਮਲ ਸਿੰਘ ਖਾਲਸਾ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਕੌਮ ਨੂੰ ਵੱਡਾ ਘਾਟਾ ਪਿਆ ਹੈ। ਭਾਈ ਨਿਰਮਲ ਸਿੰਘ ਖਾਲਸਾ ਨੂੰ 2009 ਵਿਚ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਗਿਆ ਸੀ। ਨਿਰਮਲ ਸਿੰਘ ਖਾਲਸਾ ਦੇ ਸਸਕਾਰ ਦੇ ਵਿਰੋਧ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸਸਕਾਰ ਦਾ ਵਿਰੋਧ ਕਰਨਾ ਗਲਤ ਹੈ ਅਤੇ ਸਰਕਾਰ ਇਸ ਗੱਲ ਦਾ ਧਿਆਨ ਰੱਖੇਗੀ ਕਿ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ। ਕੈਪਟਨ ਨੇ ਕਿਹਾ ਕਿ ਜਿਨ੍ਹਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਉਨ੍ਹਾਂ ਸ਼ਖਸੀਅਤਾਂ ਦਾ ਸਸਕਾਰ ਰੋਕਣਾ ਮਾੜੀ ਗੱਲ ਹੈ, ਜੇਕਰ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦਾ ਸਸਕਾਰ ਕਰਨਾ ਸਾਡਾ ਫਰਜ਼ ਹੈ। 

ਇਹ ਵੀ ਪੜ੍ਹੋ : ਕਰਫਿਊ ਕਾਰਨ ਘਟਿਆ ਪ੍ਰਦੂਸ਼ਣ, ਜਲੰਧਰ ਤੋਂ ਨਜ਼ਰ ਆਉਣ ਲੱਗੇ ਬਰਫ ਨਾਲ ਲੱਦੇ ਪਹਾੜ    


Gurminder Singh

Content Editor

Related News