ਮੰਤਰੀ ਹਰਜੋਤ ਬੈਂਸ ਨੇ ਪਟਿਆਲਾ ਜੇਲ ’ਚ ਮਾਰਿਆ ਛਾਪਾ, ਇਥੇ ਹੀ ਬੰਦ ਹਨ ਬਿਕਰਮ ਸਿੰਘ ਮਜੀਠੀਆ
Friday, Mar 25, 2022 - 08:22 PM (IST)

ਪਟਿਆਲਾ : ਜੇਲ ਵਿਭਾਗ ਮਿਲਣ ਤੋਂ ਬਾਅਦ ਮੰਤਰੀ ਹਰਜੋਤ ਬੈਂਸ ਐਕਸ਼ਨ ਵਿਚ ਆ ਗਏ ਹਨ। ਇਸ ਦੇ ਚੱਲਦੇ ਅੱਜ ਜੇਲ ਮੰਤਰੀ ਵਲੋਂ ਪਟਿਆਲਾ ਜੇਲ ਵਿਚ ਅਚਨਚੇਤ ਚੈਕਿੰਗ ਕੀਤੀ ਗਈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਡਰੱਗ ਮਾਮਲੇ ਵਿਚ ਫਸੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਇਸੇ ਜੇਲ ਵਿਚ ਬੰਦ ਹਨ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੇਲ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਕਾਇਆਕਲਪ ਲਈ ਭਗਵੰਤ ਮਾਨ ਸਰਕਾਰ ਵਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਵਿਚ ਪੰਜਾਬ ਦੀਆਂ ਜੇਲਾਂ ’ਚ ਵੱਡੇ ਸੁਧਾਰ ਕੀਤੇ ਜਾਣਗੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਦਾ ਇਕ ਹੋਰ ਵੱਡਾ ਐਲਾਨ, ਵਿਧਾਇਕਾਂ ਨੂੰ ਦਿੱਤਾ ਤਕੜਾ ਝਟਕਾ
ਬੈਂਸ ਨੇ ਕਿਹਾ ਕਿ ਆਉਂਦੇ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਪੰਜਾਬ ਦੀਆਂ ਜੇਲਾਂ ਵਿਚ ਆਧੁਨਿਕ ਅਤੇ ਬਿਹਤਰ ਤਕਨੀਕਾਂ ਵਰਤ ਕੇ ਫੋਨ ਕਲਚਰ ਨੂੰ ਬੰਦ ਕਰਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੌਰਾਨ ਉਨ੍ਹਾਂ ਨੇ ਜੇਲ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੰਦਿਆਂ ਜੇਲ ਦੀ ਸੁਰੱਖਿਆ ਨੂੰ ਹਰ ਪੱਖੋਂ ਹੋਰ ਸਖ਼ਤ ਕਰਨ ਸਮੇਤ ਜੇਲ ’ਚ ਬੰਦ ਹਰੇਕ ਬੰਦੀ ਨਾਲ ਕਾਨੂੰਨ ਮੁਤਾਬਕ ਇਕੋ ਜਿਹੇ ਵਰਤਾਓ ਕਰਨ ਦੀ ਸਖ਼ਤ ਹਦਾਇਤ ਵੀ ਕੀਤੀ। ਜੇਲ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਸੂਬੇ ਦੀਆਂ ਜੇਲਾਂ ਨੂੰ ਹਰ ਪੱਖੋਂ ਸੁਰੱਖਿਅਤ ਕੀਤਾ ਜਾਵੇਗਾ ਅਤੇ ਹੁਣ ਜੇਲਾਂ ਵਿਚੋਂ ਫੋਨ ਨਹੀਂ ਬਲਕਿ ਸਕੂਨ ਹੀ ਆਵੇਗਾ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਕੇਜਰੀਵਾਲ ਦੀ ਵੀਡੀਓ, ਆਖੀ ਵੱਡੀ ਗੱਲ
ਹਰਜੋਤ ਸਿੰਘ ਬੈਂਸ ਨੇ ਇਕ ਸਵਾਲ ਦੇ ਜਵਾਬ ‘ਚ ਕਿਹਾ ਕਿ ਉਹ ਜੇਲ ਅਧਿਕਾਰੀਆਂ ਨੂੰ ਮਿਲੇ ਹਨ ਤੇ ਇਨ੍ਹਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੇ ਜੇਲਾਂ ਵੱਲ ਕੋਈ ਧਿਆਨ ਨਾ ਦੇ ਕੇ ਨਾ ਤਾਂ ਨਵੀਂ ਭਰਤੀ ਕੀਤੀ ਅਤੇ ਨਾਂ ਹੀ ਲੋੜੀਂਦੇ ਆਧੁਨਿਕ ਉਪਕਰਨ ਮੁਹੱਈਆ ਕਰਵਾਏ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜੇਲ ਮਹਿਕਮੇ ’ਚ ਨਸ਼ੇ ਦੇ ਆਦੀ ਬੰਦੀਆਂ ਦੇ ਇਲਾਜ ਲਈ ਮਨੋਵਿਗਿਆਨੀਆਂ ਤੇ ਮਨੋਰੋਗ ਮਾਹਰਾਂ ਅਤੇ ਹੋਰ ਅਮਲੇ ਦੀ ਨਵੀਂ ਭਰਤੀ ਕਰਨ ਸਮੇਤ ਆਧੁਨਿਕ ਉਪਕਰਨ ਵੀ ਪ੍ਰਦਾਨ ਕੀਤੇ ਜਾਣਗੇ।।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਵੱਡੀ ਖ਼ਬਰ : ਐੱਸ. ਆਈ. ਟੀ. ਵਲੋਂ ਰਾਮ ਰਹੀਮ ਦੋਸ਼ੀ ਵਜੋਂ ਨਾਮਜ਼ਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?