ਪੰਜਾਬ ਦੇ ਇਨ੍ਹਾਂ ਅਧਿਆਪਕਾਂ ਲਈ ਹਰਜੋਤ ਬੈਂਸ ਦਾ ਵੱਡਾ ਐਲਾਨ (ਵੀਡੀਓ)
Thursday, Oct 17, 2024 - 04:47 PM (IST)
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇੱਥੇ ਇਕ ਅਹਿਮ ਮੁੱਦੇ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲਾਂ ਦੌਰਾਨ ਅਸੀਂ ਸਿੱਖਿਆ ਦੇ ਖੇਤਰ 'ਚ ਬਹੁਤ ਕੁੱਝ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ 8 ਹਜ਼ਾਰ ਤੋਂ ਵੱਧ ਸਕੂਲ ਅਜਿਹੇ ਸਨ, ਜਿੱਥੇ ਚਾਰ ਦੀਵਾਰੀ ਨਹੀਂ ਸੀ। ਹੁਣ ਇਨ੍ਹਾਂ ਸਕੂਲਾਂ 'ਚ ਚਾਰਦੀਵਾਰੀ ਦੇ ਨਾਲ-ਨਾਲ 1 ਲੱਖ ਡੈਸਕ ਮੁਹੱਈਆ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਵਲਟੋਹਾ ਤੇ ਅਕਾਲੀ ਪ੍ਰਧਾਨ 'ਤੇ ਕਰੋ FIR! ਜੱਥੇਦਾਰ ਦੇ ਵਿਵਾਦ 'ਤੇ ਕਾਂਗਰਸ ਦੀ ਐਂਟਰੀ (ਵੀਡੀਓ)
ਸਾਰੇ ਸਕੂਲਾਂ 'ਚ ਵਾਈ-ਫਾਈ ਅਤੇ ਹੋਰ ਕੰਮ ਚੱਲ ਰਿਹਾ ਹੈ। ਬੈਂਸ ਨੇ ਕਿਹਾ ਕਿ ਸਕੂਲਾਂ 'ਚ ਸਭ ਤੋਂ ਜ਼ਿਆਦਾ ਮਹੱਤਵਪੂਰਨ ਟੀਚਰਾਂ ਦੀ ਟ੍ਰੇਨਿੰਗ ਹੈ। ਹੁਣ ਤੱਕ 202 ਪ੍ਰਿੰਸੀਪਲ ਸਿੰਗਾਪੁਰ ਜਾ ਚੁੱਕੇ ਹਨ। ਹੁਣ ਤੀਜੀ ਪਹਿਲ ਕਦਮੀ ਪ੍ਰਾਇਮਰੀ ਸਿੱਖਿਆ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਸਾਡੇ ਸਿੱਖਿਆ ਬੋਰਡ ਦਾ ਇਕ ਐੱਮ. ਓ. ਯੂ. ਫਿਨਲੈਂਡ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਨਾਲ ਹੋਇਆ ਹੈ। ਇਸ ਦੇ ਮੱਦੇਨਜ਼ਰ ਹੁਣ 72 ਪ੍ਰਾਇਮਰੀ ਅਧਿਆਪਕਾਂ ਦਾ ਪਹਿਲਾ ਬੈਚ, ਜਿਹੜੇ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਪੜ੍ਹਾਉਂਦੇ ਹਨ, ਭਲਕੇ ਫਿਨਲੈਂਡ ਜਾ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ RDX ਨਾਲ ਲੋਡਿਡ ਵਿਸਫੋਟਕ ਸਮੱਗਰੀ ਬਰਾਮਦ, ਡਰੋਨ ਜ਼ਰੀਏ ਭੇਜੀ ਗਈ
ਇਨ੍ਹਾਂ ਅਧਿਆਪਕਾਂ ਦੀ 3 ਹਫ਼ਤਿਆਂ ਦੀ ਟ੍ਰੇਨਿੰਗ ਹੋਵੇਗੀ। ਉਕਤ ਐੱਮ. ਓ. ਯੂ. ਰਾਹੀਂ ਪੰਜਾਬ ਸਰਕਾਰ ਕਦੇ ਵੀ ਆਪਣੇ ਅਧਿਆਪਕਾਂ ਨੂੰ ਫਿਨਲੈਂਡ ਭੇਜ ਸਕਦੀ ਹੈ ਅਤੇ ਫਿਨਲੈਂਡ ਦੇ ਅਧਿਆਪਕ ਪੰਜਾਬ 'ਚ ਆ ਸਕਦੇ ਹਨ। ਭਲਕੇ ਮੁੱਖ ਮੰਤਰੀ ਦਿੱਲੀ ਦੇ ਪੰਜਾਬ ਭਵਨ 'ਚ ਉਕਤ ਅਧਿਆਪਕਾਂ ਨਾਲ ਗੱਲਬਾਤ ਵੀ ਕਰਨਗੇ ਅਤੇ ਨਾਲ ਹੀ ਉਨ੍ਹਾਂ ਨੂੰ ਫਿਨਲੈਂਡ ਲਈ ਰਵਾਨਾ ਕਰਨਗੇ। ਇਸ ਨਿਵੇਕਲੀ ਪਹਿਲ ਇਹ ਵੀ ਕੀਤੀ ਗਈ ਹੈ ਕਿ ਇਨ੍ਹਾਂ ਅਧਿਆਪਕਾਂ ਦੀ ਚੋਣ ਪ੍ਰਕਿਰਿਆ 'ਚ ਇਨ੍ਹਾਂ ਬਾਰੇ ਸਭ ਕੁੱਝ ਪਤਾ ਕੀਤਾ ਗਿਆ ਹੈ। ਹਰਜੋਤ ਬੈਂਸ ਨੇ ਕਿਹਾ ਕਿ ਹੁਣ ਤੱਕ ਮਾਪੇ ਸਰਕਾਰੀ ਸਕੂਲਾਂ 'ਤੇ ਯਕੀਨ ਨਹੀਂ ਕਰਦੇ ਸਨ ਪਰ ਹੁਣ ਲੋਕ ਸਰਕਾਰੀ ਸਕੂਲਾਂ 'ਚ ਆਪਣੇ ਬੱਚਿਆਂ ਦੇ ਦਾਖ਼ਲੇ ਕਰਾ ਰਹੇ ਹਨ। ਭਲਕੇ ਵਾਲਾ ਕਦਮ ਪੰਜਾਬ ਦੇ ਇਤਿਹਾਸ 'ਚ ਇਕ ਮੀਲ ਪੱਥਰ ਸਾਬਿਤ ਹੋਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8