ਹੋਲਾ-ਮਹੱਲਾ ਦੌਰਾਨ ਸਟੰਟਬਾਜ਼ੀ ਤੇ ਹੁੱਲੜਬਾਜ਼ੀ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ
Thursday, Mar 21, 2024 - 06:40 PM (IST)
ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਖਾਲਸਾ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ 6 ਰੋਜ਼ਾ ਕੌਮੀ ਤਿਓਹਾਰ ਹੋਲਾ-ਮਹੱਲਾ ਜੋੜ ਮੇਲ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਅਰੰਭ ਕਰਨ ਦੇ ਨਾਲ, 'ਬੋਲੋ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਹੋ ਗਈ ਹੈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਅਰਦਾਸ ਕਰਦੇ ਹੋਏ ਮੇਲੇ ਦੀ ਚੜ੍ਹਦੀ ਕਲਾ ਅਤੇ ਸੁੱਖ ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਧਰਤੀ ’ਤੇ ਲੋਕ ਵੱਖ-ਵੱਖ ਧਰਮਾਂ ’ਚ ਅਤੇ ਵੱਖ-ਵੱਖ ਜਾਤਾਂ ’ਚ ਵੰਡੇ ਹੋਏ ਸਨ, ਗਰੀਬ ਦਬੇ ਅਤੇ ਲਤਾੜੇ ਹੋਏ ਲੋਕਾਂ ਨੂੰ ਧਾਰਮਿਕ ਸਥਾਨਾਂ ’ਤੇ ਪੈਰ ਰੱਖਣ ਦਾ ਵੀ ਹੁਕਮ ਨਹੀਂ ਸੀ, ਉਨ੍ਹਾਂ ਸਾਰਿਆਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਲਵੱਕੜੀ ਵਿਚ ਲੈ ਕੇ ਖੰਡੇ ਬਾਟੇ ਦੀ ਪਾਹੁਲ ਬਖ਼ਸ਼ਿਸ਼ ਕੀਤੀ ਅਤੇ ਦੱਬੇ ਲਤਾੜੇ ਲੋਕਾਂ ਨੂੰ ਸਿੰਘ ਬਣਾ ਕੇ ਰਾਜਿਆਂ ਦੇ ਮੁਕਾਬਲੇ ਵਿਚ ਖੜ੍ਹੇ ਕੀਤਾ।
ਉਨ੍ਹਾਂ ਕਿਹਾ ਕਿ ਸਤਿਗੁਰੂ ਜੀ ਨੇ ਇਸ ਖ਼ਾਲਸਾਈ ਜਾਹੋ-ਜਲਾਲ ਨੂੰ 1699 ਈ. ਦੀ ਵਿਸਾਖੀ ਤੋਂ ਬਾਅਦ ਫਿਰ 1700 ਈ. ਦੇ ਵਿਚ ਹੋਲੀ ਦੇ ਮੁਕਾਬਲੇ ਹੋਲੇ-ਮਹੱਲੇ ਨੂੰ ਇਕ ਕੌਮੀ ਤਿਉਹਾਰ ਦੇ ਰੂਪ ਵਿਚ ਖਾਲਸੇ ਨੂੰ ਬਖ਼ਸ਼ਿਸ਼ ਕੀਤਾ। ਉਨ੍ਹਾਂ ਕਿਹਾ ਕਿ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਨਸਿਕ ਤੌਰ ਦੇ ਉੱਤੇ ਸਿੱਖ ਨੂੰ ਤਕੜਾ ਹੋਣ ਲਈ ਪਵਿੱਤਰ ਗੁਰਬਾਣੀ ਦਾ ਖ਼ਜ਼ਾਨਾ ਅਤੇ ਸਰੀਰਕ ਤੌਰ ਤਕੜਾ ਹੋਣ ਲਈ ਹੋਲੇ-ਮਹੱਲੇ ਦਾ ਤਿਉਹਾਰ ਭੇਟ ਕੀਤਾ, ਜਿਸ ਵਿਚ ਸਾਰੀ ਹੀ ਸੰਗਤ ਨੂੰ ਆਉਣ ਦਾ ਖੁੱਲ੍ਹਾ ਸੱਦਾ ਹੁੰਦਾ ਸੀ, ਜਿਸ ਵਿਚ ਦਸਮ ਪਿਤਾ ਵੱਲੋਂ ਸਿੰਘਾਂ ਦੇ ਵੱਖ-ਵੱਖ ਜੁੱਟ ਬਣਾ ਕੇ ਗਤਕੇ ਦੇ ਜੌਹਰ, ਤਲਵਾਰ ਬਾਜ਼ੀ, ਨੇਜ਼ੇਬਾਜ਼ੀ, ਘੋੜਸਵਾਰੀ ਅਤੇ ਜੰਗਜੂ ਖੇਡਾਂ ਕਰਵਾਈਆਂ ਜਾਂਦੀਆਂ ਸੀ, ਜਿਹੜੀ ਅੱਜ ਵੀ ਸਾਡੀ ਪ੍ਰੰਪਰਾ ਹੈ। ਉਨ੍ਹਾਂ ਨੌਜਵਾਨ ਵਰਗ ਨੂੰ ਸਟੰਟ ਬਾਜ਼ੀ ਤੇ ਹੁੱਲੜਬਾਜ਼ੀ ਨਾ ਕਰਨ ਦੀ ਅਪੀਲ ਵੀ ਕੀਤੀ।
ਇਹ ਵੀ ਪੜ੍ਹੋ: ਜਲੰਧਰ ਵਿਖੇ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, ਵਾਹਨਾਂ ਦੇ ਉੱਡੇ ਪਰਖੱਚੇ, 1 ਦੀ ਹੋਈ ਦਰਦਨਾਕ ਮੌਤ
ਉਨ੍ਹਾਂ ਕਿਹਾ ਕਿ ਅੱਜ ਮੇਲੇ ਦਾ ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਦੀ ਧਰਤੀ ਅਤੇ ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਹੋਣ ਨਾਲ ਸ਼ੁਰੂ ਹੋ ਗਿਆ ਹੈ, ਜਿਸ ਦੇ 23 ਮਾਰਚ ਨੂੰ ਭੋਗ ਪਾਏ ਜਾਣੇ ਹਨ, ਫਿਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ 24 ਮਾਰਚ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 26 ਮਾਰਚ ਨੂੰ 12 ਵਜੇ ਅਰਦਾਸ ਕਰਕੇ ਸਤਿਗੁਰਾਂ ਦੇ ਸਨਮੁਖ ਪੰਜਾਂ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਦੇ ਰੂਪ ’ਚ ਸਮੁੱਚੇ ਤੌਰ ’ਤੇ ਖਾਲਸਾ ਪੰਥ ਅਤੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ ਵੱਲੋਂ ਉਸੇ ਜਾਹੋ-ਜਲਾਲ ਦੇ ਨਾਲ ਮਹੱਲਾ ਸਜਾਇਆ ਜਾਵੇਗਾ ਅਤੇ ਗਤਕੇ ਦੇ, ਨੇਜ਼ੇਬਾਜ਼ੀ, ਘੋੜਸਵਾਰੀ ਦੇ ਜੌਹਰ ਵਿਖਾਉਂਦੇ ਹੋਏ ਸੰਪੂਰਨਤਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਉਹ ਕੌਮ ਨੂੰ ਵੀ ਬੇਨਤੀ ਕਰਦੇ ਹਨ ਕਿ ਆਹ ਜਿਹੜਾ ਨਾਜ਼ਕ ਸਮਾਂ ਹੈ ਆਪਾਂ ਇਹ ਤਿਉਹਾਰ ਵੀ ਮਨਾਈਏ ਤੇ ਨਾਲ ਦੀ ਨਾਲ ਸਤਿਗੁਰੂ ਜੀ ਨੇ ਸਾਨੂੰ ਜਿਹੜਾ ਹੁਕਮ ਕੀਤਾ ਸੀ ਜਥੇਬੰਦਕ ਹੋਣ ਦਾ, ਉਸ ਦੀ ਪਾਲਣਾ ਕਰਦੇ ਹੋਏ ਜਥੇਬੰਦਕ ਹੋ ਕੇ ਆਪਣੀ ਸਿੱਖ ਪੰਥ ਦੀ ਸ਼ਕਤੀ ਨੂੰ ਇਕ ਥਾਂ ਇਕੱਤਰ ਕਰੀਏ। ਇਸ ਮੌਕੇ ਉਨ੍ਹਾਂ ਨਾਲ ਡਾ. ਦਲਜੀਤ ਸਿੰਘ ਚੀਮਾ, ਭਾਈ ਅਮਰਜੀਤ ਸਿੰਘ ਚਾਵਲਾ, ਗੁਰਿੰਦਰ ਸਿੰਘ ਗੋਗੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਕਿਸਾਨੀ ਮਸਲੇ 'ਤੇ ਖੁੱਲ੍ਹ ਕੇ ਬੋਲੇ ਸੁਨੀਲ ਜਾਖੜ, ਕਿਹਾ-ਕਿਸਾਨੀ ਮੁੱਦੇ ਨੂੰ ਗੰਭੀਰਤਾ ਨਾਲ ਘੋਖਣਾ ਪਵੇਗਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8