ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਦਾ ਆਗਾਜ਼
Thursday, Dec 01, 2022 - 02:11 PM (IST)
ਅਨੰਦਪੁਰ ਸਾਹਿਬ- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਅਰਦਾਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੀਆਂ ਕਾਲ-ਕੋਠੜੀਆਂ ਵਿੱਚ ਲੰਮੇ ਸਮੇਂ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਦੇਸ਼ ਵਿਆਪੀ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਈ ਵਾਰ ਧਰਨੇ ਵੀ ਦਿੱਤੇ, ਮੰਗ ਪੱਤਰ ਵੀ ਦਿੱਤੇ ਅਤੇ ਰੋਸ ਮਾਰਚ ਵੀ ਕੀਤੇ ਪਰ ਸਰਕਾਰ ’ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਸਿੱਖ ਕੌਮ ਨੂੰ ਕਿਹਾ ਕਿ ਇਹ ਸਭ ਦਾ ਸਾਂਝਾ ਕਾਰਜ ਹੈ ਤੇ ਸਾਨੂੰ ਸਾਰਿਆਂ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਕਰਨੇ ਚਾਹੀਦੇ ਹਨ।
ਇਹ ਵੀ ਪੜ੍ਹੋ- ਪੰਜਾਬੀਆਂ ਨੂੰ 'ਬੇਵਕੂਫ਼' ਕਹਿਣ ਮਗਰੋਂ ਮੰਤਰੀ ਨਿੱਝਰ ਨੇ ਮੰਗੀ ਮੁਆਫ਼ੀ, ਲੋਕਾਂ 'ਚ ਰੋਸ ਬਰਕਰਾਰ
ਧਾਮੀ ਨੇ ਕਿਹਾ ਕਿ ਜਦੋਂ ਵੀ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ ਤਾਂ ਸਾਨੂੰ ਜ਼ੁਲਮੀ ਸਮਝਿਆ ਜਾਂਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਸਾਡਾ ਹੱਕ ਹੈ ਅਤੇ ਸਰਾਕਾਰਾਂ ਨੂੰ ਚਾਹੀਦਾ ਹੈ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਰਾਜੀਵ ਗਾਂਧੀ ਦੇ ਕਾਤਲ ਜੇਲ੍ਹੋਂ ਬਾਹਰ ਆ ਗਏ ਹਨ ਅਤੇ ਰੇਪ ਦੇ ਦੋਸ਼ੀ ਸਾਲ ’ਚ ਤਿੰਨ ਵਾਰ ਪਰੋਲ 'ਤੇ ਬਾਹਰ ਆ ਜਾਂਦੇ ਹਨ ਤਾਂ ਬੰਦੀ ਸਿੰਘਾਂ ਨੂੰ ਸਜ਼ਾ ਪੂਰੀ ਹੋਣ ’ਤੇ ਵੀ ਰਿਹਾਈ ਕਿਉਂ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਦਸਤਖ਼ਤੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ਅਤੇ ਨਾਲ ਹੀ ਹੋਰ ਥਾਵਾਂ ’ਤੇ ਵੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਅਸੀਂ ਮੀਟਿੰਗਾਂ ਕਰਾਂਗੇ ਅਤੇ ਸਾਰੇ ਇਤਿਹਾਸਕ ਸਥਾਨਾਂ ’ਤੇ, ਚੌਂਕ, ਬੱਸ ਸਟੈਂਡ, ਰੇਲਵੇ ਸਟੇਸ਼ਨਾਂ ’ਤੇ ਇਸ ਮਹਿੰਮ ’ਚ ਦਾ ਪ੍ਰਚਾਰ ਕਰਾਂਗੇ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਦਸਤਖ਼ਤੀ ਫਾਰਮ ਨਾਲ ਲੈ ਕੇ ਪੰਜਾਬ ਗਵਰਨਰ ਕੋਲ ਵੀ ਆਪਣੇ ਹੱਕ ਲਈ ਧਰਨਾ ਦੇਵਾਂਗੇ।