SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੋਲੇ, ਪੰਥ ਦਾ ਪ੍ਰਚਾਰ, ਏਕਤਾ, ਸਮਾਜ ਸੇਵਾ ਤੇ ਭਾਈਚਾਰਕ ਸਾਂਝ ਮੇਰੀ ਪ੍ਰਮੁੱਖਤਾ

Sunday, Dec 05, 2021 - 04:33 PM (IST)

SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੋਲੇ, ਪੰਥ ਦਾ ਪ੍ਰਚਾਰ, ਏਕਤਾ, ਸਮਾਜ ਸੇਵਾ ਤੇ ਭਾਈਚਾਰਕ ਸਾਂਝ ਮੇਰੀ ਪ੍ਰਮੁੱਖਤਾ

ਜਲੰਧਰ/ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 44ਵੇਂ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਹੈ। ਐਡਵੋਕੇਟ ਧਾਮੀ ਨਾਲ ਪੰਥਕ, ਸਿੱਖੀ ਦੇ ਪ੍ਰਚਾਰ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਅਗਲੇਰੇ ਟੀਚਿਆਂ ’ਤੇ ‘ਜਗ ਬਾਣੀ’ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਖੁੱਲ੍ਹ ਕੇ ਵਿਚਾਰ-ਚਰਚਾ ਕੀਤੀ ਗਈ। ਇਸ ਦੌਰਾਨ ਐਡਵੋਕੇਟ ਧਾਮੀ ਨੇ ਜਿੱਥੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ, ਉਥੇ ਹੀ ਉਨ੍ਹਾਂ ਨੇ ਸਵਾਲਾਂ ਦਾ ਬੜੇ ਹੀ ਬੇਬਾਕ ਢੰਗ ਨਾਲ ਜਵਾਬ ਦਿੱਤਾ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :

ਜਾਣੋ ਕੀ ਹੈ ਪਿਛੋਕੜ?
ਹਰਜਿੰਦਰ ਸਿੰਘ ਧਾਮੀ ਦਾ ਜਨਮ 28 ਅਗਸਤ 1956 ’ਚ ਪੂਨਾਵਾਲਾ ਵਿਖੇ ਹੋਇਆ। ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਗ੍ਰੈਜੂਏਸ਼ਨ ਅਤੇ ਖ਼ਾਲਸਾ ਕਾਲਜ ਗੰਗਾਨਗਰ ਤੋਂ ਲਾਅ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। 1981 ਤੋਂ ਹੁਸ਼ਿਆਰਪੁਰ ਦੀ ਜ਼ਿਲ੍ਹਾ ਕਚਹਿਰੀ ਤੋਂ ਬਤੌਰ ਵਕੀਲ ਪ੍ਰੈਕਟਿਸ ਸ਼ੁਰੂ ਕੀਤੀ। ਸਾਲ 1988 ’ਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਯੂਨਾਈਟਿਡ ਅਕਾਲੀ ਦਲ ’ਚ ਜ਼ਿਲ੍ਹਾ ਜਨਰਲ ਸਕੱਤਰ ਚੁਣੇ ਗਏ। 1996 ’ਚ ਪਹਿਲੀ ਵਾਰ ਹਲਕਾ ਸ਼ਾਮਚੁਰਾਸੀ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਚੋਣ ਲੜੀ ਅਤੇ ਇਸੇ ਸਾਲ ਗੁਰਚਰਨ ਸਿੰਘ ਟੌਹੜਾ ਦੀ ਅਗਵਾਈ ਵਾਲੀ ਐਗਜ਼ੀਕਿਊਟਿਵ ਕਮੇਟੀ ’ਚ ਮੈਂਬਰ ਚੁਣੇ ਗਏ। ਸਾਲ 2019 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਮਿਲੀ ਅਤੇ 2020 ’ਚ ਮੁੱਖ ਸਕੱਤਰ ਦੇ ਅਹੁਦੇ 'ਤੇ ਸੇਵਾ ਨਿਭਾਉਣ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ:  ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ

ਆਰਥਿਕ ਵਸੀਲਿਆਂ ਦੇ ਸਾਧਨ?
ਆਪਣੇ ਆਰਥਿਕ ਵਸੀਲਿਆਂ ਬਾਰੇ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੈਂ ਸਿਰਫ਼ ਵਕਾਲਤ ਕਰਦਾ ਰਿਹਾ ਹਾਂ। ਅਸੀਂ 5 ਭਰਾ ਹਾਂ ਅਤੇ 3 ਭਰਾ ਵਿਦੇਸ਼ ਰਹਿੰਦੇ ਹਨ, ਜਿਨ੍ਹਾਂ ਦੀ ਮੈਨੂੰ ਸਮੇਂ-ਸਮੇਂ ’ਤੇ ਮਦਦ ਮਿਲਦੀ ਰਹੀ ਹੈ। ਖੇਤੀ ਲਈ 5 ਕੁ ਕਿੱਲੇ ਜ਼ਮੀਨ ਵੀ ਹੈ ਪਰ ਸ਼੍ਰੋਮਣੀ ਕਮੇਟੀ ਤੋਂ ਕੋਈ ਭੱਤਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਮੈਂ ਹੁਣ ਵੀ ਬਤੌਰ ਪ੍ਰਧਾਨ ਹੋਣ ਦੇ ਨਾਤੇ ਗੱਡੀ ਤਾਂ ਜ਼ਰੂਰ ਲਵਾਂਗਾ ਪਰ ਕੋਸ਼ਿਸ਼ ਕਰਾਂਗਾ ਕਿ ਉਸ ਦਾ ਤੇਲ ਖ਼ਰਚ ਮੈਂ ਆਪਣੀ ਜੇਬ ’ਚੋਂ ਦੇਵਾਂ।

ਬਤੌਰ ਪ੍ਰਧਾਨ ਕੀ ਚੁਣੌਤੀਆਂ ਵੇਖਦੇ ਹੋ?
ਇਸ ਵੇਲੇ ਕਈ ਵੱਡੀਆਂ ਚੁਣੌਤੀਆਂ 'ਚੋਂ ਸਭ ਤੋਂ ਪਹਿਲੀ ਚੁਣੌਤੀ ਹੈ ਸਕੂਲਾਂ ਅਤੇ ਕਾਲਜਾਂ ਦਾ ਪ੍ਰਬੰਧ। ਮੌਜੂਦਾ ਸਮੇਂ ’ਚ ਲੋਕਾਂ ਦਾ ਧਿਆਨ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਹਟ ਕੇ ਹੋਰ ਸਿੱਖਿਆ ਸੰਸਥਾਵਾਂ ਵੱਲ ਵਧਦਾ ਜਾ ਰਿਹਾ ਹੈ, ਜਿਸ ਕਾਰਨ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ 'ਚ ਫਰਕ ਪੈ ਰਿਹਾ ਹੈ। ਇਸ ਲਈ ਕਮੇਟੀ ਵੱਲੋਂ ਸਿੱਖਿਆ ਦੇ ਨਵੀਨੀਕਰਨ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ 2 ਮੈਡੀਕਲ ਕਾਲਜ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ, 32-33 ਕਾਲਜ ਤੇ 52 ਦੇ ਕਰੀਬ ਸਕੂਲ ਚੱਲ ਰਹੇ ਹਨ। ਕੋਰੋਨਾ ਕਾਲ ਦੌਰਾਨ ਸ਼੍ਰੋਮਣੀ ਕਮੇਟੀ ਨੂੰ ਕਾਫ਼ੀ ਆਰਥਿਕ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਇਸ ਦੌਰਾਨ ਅਸੀਂ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਂਦੇ ਰਹੇ।

ਇਹ ਵੀ ਪੜ੍ਹੋ: ਬੇਰਹਿਮ ਪਿਓ ਦਾ ਹੈਵਾਨੀਅਤ ਭਰਿਆ ਕਾਰਾ, ਭੈਣ-ਭਰਾ ਤੇ ਮਾਂ ਨਾਲ ਮਿਲ ਕੇ ਕੀਤਾ ਆਪਣੇ 2 ਬੱਚਿਆਂ ਦਾ ਕਤਲ

PunjabKesari

ਕੀ ਐੱਸ. ਜੀ. ਪੀ. ਸੀ. ਦੇ ਸਕੂਲਾਂ ਜਾਂ ਕਾਲਜਾਂ ’ਚ ਸਿਰਫ਼ ਸਿਫਾਰਿਸ਼ੀ ਬੱਚਿਆਂ ਨੂੰ ਹੀ ਦਾਖ਼ਲਾ ਮਿਲਦਾ ਹੈ?
ਅਜਿਹਾ ਕੁਝ ਵੀ ਨਹੀਂ ਹੈ ਕਿਉਂਕਿ ਲੀਡਰਾਂ ਦੇ ਨਿਆਣੇ ਤਾਂ ਪਹਿਲਾਂ ਹੀ ਕਾਨਵੈਂਟ ਸਕੂਲਾਂ ’ਚ ਪੜ੍ਹ ਰਹੇ ਹਨ। ਹੁਣ ਤਾਂ ਜ਼ਿਆਦਾਤਰ ਕਾਲਜਾਂ ’ਚ ਸੀਟਾਂ ਹੀ ਖਾਲੀ ਪਈਆਂ ਹਨ। ਗੁਰੂ ਰਾਮਦਾਸ ਮੈਡੀਕਲ ਕਾਲਜ 125 ਸੀਟਾਂ ਹਨ, ਜਿਨ੍ਹਾਂ ਵਿੱਚੋਂ 12 ਸੀਟਾਂ ਐੱਨ. ਆਰ. ਆਈਜ਼ ਲਈ ਰਾਖਵੀਆਂ ਹਨ। ਇਨ੍ਹਾਂ ਸਾਰੀਆਂ ਸੀਟਾਂ ਨੂੰ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਭਰਿਆ ਜਾਂਦਾ ਹੈ। ਸਰਾਵਾਂ ਜਾਂ ਫਿਰ ਕਮਰਿਆਂ ਸਬੰਧੀ ਵੀ ਸਿਫਾਰਿਸ਼ਾਂ ਦੀ ਗੱਲ ਉੱਠਦੀ ਹੈ। ਮੈਂ ਇਹ ਸਾਫ ਕਰ ਦੇਵਾਂ ਕਿ ਆਮ ਦਿਨਾਂ ’ਚ ਰੋਜ਼ਾਨਾ ਲੱਖ ਤੋਂ ਵੱਧ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਂਦੇ ਹਨ। ਸਾਡੇ ਕੋਲ ਕਮਰਿਆਂ ਦੀ ਵਿਵਸਥਾ ਘੱਟ ਹੈ, ਜਿਸ ਕਾਰਨ ਅਸੀਂ ਸਰਾਵਾਂ ਦਾ ਡਾਟਾ ਆਨਲਾਈਨ ਕਰ ਰਹੇ ਹਾਂ। ਪਿੰਡਾਂ 'ਚੋਂ ਆਉਣ ਵਾਲੇ ਬਹੁਤੇ ਸ਼ਰਧਾਲੂਆਂ ਨੂੰ ਆਨਲਾਈਨ ਵਿਵਸਥਾ ਬਾਰੇ ਨਹੀਂ ਪਤਾ ਲੱਗਦਾ। ਅਸੀਂ ਲੋਕਾਂ ਨੂੰ ਮੁਫ਼ਤ ਕਮਰੇ ਦੇ ਰਹੇ ਹਾਂ। ਜੇਕਰ ਸਾਰਾਗੜ੍ਹੀ ਸਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਆਧੁਨਿਕ ਹੋਣ ਕਾਰਨ ਅਸੀਂ ਕੁਝ ਰੁਪਏ ਜ਼ਰੂਰ ਵਸੂਲ ਰਹੇ ਹਾਂ।

ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਪਰਚੀ ਬਾਦਲਾਂ ਦੀ ਜੇਬ ’ਚੋਂ ਆਉਂਦੀ ਹੈ?
ਜੇਕਰ ਮੈਂ ਗੱਲ ਕਰਾਂ ਆਪਣੀ ਚੋਣ ਦੀ ਤਾਂ ਮੈਂ ਸਾਫ਼ ਕਹਿ ਸਕਦਾ ਹਾਂ ਕਿ ਮੇਰੀ ਚੋਣ ਵੋਟਿੰਗ ਰਾਹੀਂ ਹੋਈ ਹੈ। ਹਾਂ, ਇਹ ਠੀਕ ਹੈ ਕਿ ਸ਼੍ਰੋਮਣੀ ਕਮੇਟੀ ਦੀ ਬਣਤਰ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ, ਜਿਸ ਕਾਰਨ ਇਹ ਕਿਹਾ ਜਾ ਸਕਦਾ ਹੈ ਕਿ ਇਹ ਇਕ ਪਰਿਵਾਰ ਹੈ, ਜਿਸ ’ਚ ਇਕਸੁਰਤਾ ਬਣਾਈ ਰੱਖਣਾ ਲਾਜ਼ਮੀ ਹੈ। ਇਸ ਦੇ ਬਾਵਜੂਦ ਵੋਟਿੰਗ ਪ੍ਰਣਾਲੀ ਦਾ ਰਾਹ ਅਖ਼ਤਿਆਰ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਦਾ ਵੱਡਾ ਬਿਆਨ, ਕਿਹਾ-ਕੈਪਟਨ ਨਾਲ ਪਾਰਟੀ ’ਚ ਹੋ ਰਿਹਾ ਸੀ ਨੁਕਸਾਨ
ਦਰਬਾਰ ਸਾਹਿਬ ਅੰਦਰ ਬੀਬੀਆਂ ਤੋਂ ਕੀਰਤਨ ਕਰਵਾਉਣ ਬਾਰੇ ਤੁਹਾਡੀ ਕੀ ਰਾਏ ਹੈ?
ਕੁਝ ਮਸਲੇ ਪੰਥਕ ਨੇ, ਜਿਨ੍ਹਾਂ ਨੂੰ ਛੇੜਨ ਨਾਲ ਕੋਈ ਸਾਰਥਕ ਹੱਲ ਨਹੀਂ ਨਿਕਲੇਗਾ ਕਿਉਂਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਕੁਝ ਮਰਿਆਦਾ ਹੈ। ਉਹ ਮਰਿਆਦਾ ਹੁਣ ਤੋਂ ਨਹੀਂ ਸਗੋਂ ਇਹ ਸਤਿਗੁਰੂ ਜੀ ਦੇ ਸਮੇਂ ਤੋਂ ਚੱਲ ਰਹੀ ਹੈ। ਕੁਝ ਸਾਡੀ ਆਸਥਾ ਨਾਲ ਬੱਝ ਜਾਂਦਾ ਅਤੇ ਕੁਝ ਮਰਿਆਦਾ ’ਚ ਆਉਂਦਾ ਹੈ। ਜੇਕਰ ਗੱਲ ਕਰੀਏ ਸੱਚਖੰਡ ਦੀ ਮਰਿਆਦਾ ਦੀ ਤਾਂ ਦੱਸ ਦੇਈਏ ਕਿ ਹੁਣ ਤਕ ਇਥੇ ਸਿਰਫ ਪੁਰਸ਼ ਹੀ ਕੀਰਤਨ ਕਰਦੇ ਆ ਰਹੇ ਹਨ। ਜੇਕਰ ਗੱਲ ਕਰੀਏ ਮੰਜੀ ਹਾਲ ਤੇ ਦੀਵਾਨ ਹਾਲ ਦੀ ਤਾਂ ਉਥੇ ਬੀਬੀਆਂ ਨੂੰ ਕੀਰਤਨ ਕਰਨ ਦੀ ਆਗਿਆ ਹੈ। ਪੰਥ ’ਚ ਕਈ ਮਸਲੇ ਅਜੇ ਵੀ ਅਣਸੁਲਝੇ ਹਨ।

ਸਿੱਖਾਂ ਅੰਦਰ ਖੁੱਸਿਆ ਹੋਇਆ ਵਿਸ਼ਵਾਸ ਕਿਵੇਂ ਬਹਾਲ ਕਰੋਗੇ?
ਅੱਜ ਸਿੱਖਾਂ ਦੇ ਅੰਦਰ ਈਰਖਾ ਦੇ ਵੱਸ ਇਕ ਗੱਲ ਕਾਫ਼ੀ ਵਧ ਗਈ ਹੈ ਕਿ ਇਕ ਸਿੱਖ ਨਾਲ ਸਿੱਖ ਹੀ ਲੜੀ ਜਾ ਰਿਹਾ ਹੈ, ਜਿਸ ਦੇ ਪਿੱਛੇ ਭਾਵੇਂ ਕੋਈ ਵੀ ਕਾਰਨ ਹੋਵੇ ਪਰ ਸਿੱਖੀ ਕਮਾਈ ਦੀ ਹੈ, ਸਿੱਖੀ ਕਹਿਣੀ ਤੇ ਕਥਨੀ ਦੀ ਹੈ। ਜਿੰਨੀ ਦੇਰ ਤਕ ਸਾਰਾ ਪੰਥ ਇਕਸੁਰ ਨਹੀਂ ਹੋ ਜਾਂਦਾ, ਓਨੀ ਦੇਰ ਤਕ ਦਰਪੇਸ਼ ਮਸਲਿਆਂ ਦਾ ਹੱਲ ਨਹੀਂ ਹੋਣਾ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਚੰਨੀ ਬੋਲੇ, 'ਸਿੱਧੂ ਸੀ. ਐੱਮ. ਬਣਨਾ ਚਾਹੁੰਦੇ ਹਨ ਤਾਂ ਮਾੜਾ ਕੀ ਹੈ'

ਸਿੱਖ ਪ੍ਰਚਾਰਕਾਂ ਨੂੰ ਸਿਰਫ਼ ਸਿੱਖੀ ਦਾ ਹੀ ਪ੍ਰਚਾਰ ਕਰਨਾ ਚਾਹੀਦਾ ਹੈ : ਧਾਮੀ
ਤਰਕ-ਕੁਤਰਕ ਬਾਰੇ ਗੱਲ ਕਰਦਿਆਂ ਐੱਸ. ਜੀ. ਪੀ. ਸੀ. ਪ੍ਰਧਾਨ ਨੇ ਕਿਹਾ ਕਿ ਪਵਿੱਤਰ ਗੁਰਬਾਣੀ ਉੱਤੇ ਕੋਈ ਤਰਕ ਨਹੀਂ ਕੀਤਾ ਜਾ ਸਕਦਾ। ਜਿਥੇ ਮਨੁੱਖਤਾ ਦੇ ਤਰਕ ਖਤਮ ਹੁੰਦੇ ਹਨ, ਉਥੋਂ ਗੁਰਬਾਣੀ ਸ਼ੁਰੂ ਹੁੰਦੀ ਹੈ। ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਪਹਿਲਾਂ ਦਸਮ ਗ੍ਰੰਥ ਦੀ ਗੱਲ ਛੇੜ ਲਈ ਤੇ ਹੁਣ ਸੂਰਜ ਪ੍ਰਕਾਸ਼ ਦੀ ਗੱਲ਼ ਕਰਦੇ ਹਨ। ਰਹੀ ਗੱਲ ਨਾਨਕਸ਼ਾਹੀ ਕੈਲੰਡਰ ਦੀ ਤਾਂ ਇਹ ਤਾਂ ਸਾਫ਼ ਹੈ ਕਿ ਇਸ ’ਚ ਲਗਾਤਾਰ ਸੋਧਾਂ ਹੋ ਰਹੀਆਂ ਹਨ। ਪੰਥ ਇਕ ਜਨਸਮੂਹ ਹੈ, ਜਿਸ ’ਚ ਕਈ ਜਥੇਬੰਦੀਆਂ ਤੇ ਟਕਸਾਲ ਸ਼ਾਮਲ ਹਨ। ਜਲਦ ਹੀ ਇਕਸੁਰਤਾ ਹੋ ਜਾਵੇਗੀ। ਇਸ ਲਈ ਪ੍ਰਚਾਰਕਾਂ ਨੂੰ ਸਿਰਫ ਸਿੱਖੀ ਦਾ ਪ੍ਰਚਾਰ ਹੀ ਕਰਨਾ ਚਾਹੀਦਾ ਹੈ।

ਡੇਰਾਵਾਦ ਅਤੇ ਧਰਮ ਪਰਿਵਰਤਨ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਹਨ ?
ਇਹ ਸਾਰੀ ਪ੍ਰਕਿਰਿਆ ਲਾਲਚ ਵੱਸ ਹੋਣ ਵਾਲੀ ਹੈ, ਜਿਸ ਕਾਰਨ ਇਸ ਨੂੰ ਧਰਮ ਪਰਿਵਰਤਨ ਨਹੀਂ ਸਗੋਂ ਮਜਬੂਰੀਵੱਸ ਕੀਤਾ ਗਿਆ ਪਰਿਵਰਤਨ ਕਿਹਾ ਜਾ ਸਕਦਾ ਹੈ। ਸਾਨੂੰ ਕੁਝ ਸਰਹੱਦੀ ਇਲਾਕਿਆਂ ਤੋਂ ਧਰਮ ਪਰਿਵਰਤਨ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਅੱਜ ਅਸੀਂ ਅਜਿਹੇ ਧਰਮ ਪਰਿਵਰਤਨ ਨੂੰ ਰੋਕਣ ’ਚ ਕਾਫੀ ਕਾਮਯਾਬ ਹੋ ਰਹੇ ਹਾਂ। ਅੱਜ ਅਸੀਂ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ। ਬੱਚਿਆਂ ਲਈ ਕੈਂਪਾਂ ਦਾ ਆਯੋਜਨ ਕਰ ਰਹੇ ਹਾਂ। ਐੱਸ. ਜੀ. ਪੀ. ਸੀ. ਵੱਲੋਂ ਲੋੜੀਂਦੇ ਕਦਮ ਲਗਾਤਾਰ ਚੁੱਕੇ ਜਾ ਰਹੇ ਹਨ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਲਾਲਚਵੱਸ ਹੋ ਕੇ ਆਪਣਾ ਧਰਮ ਪਰਿਵਰਤਨ ਨਾ ਕਰਨ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦਾ ਛਲਕਿਆ ਦਰਦ, ਮੰਤਰੀ ਸਣੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਦੱਸਿਆ ਕਾਰਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News