ਪੰਜਾਬ ਇੰਚਾਰਜ ਦੇ ਅਹੁਦੇ ਤੋਂ ਹਰੀਸ਼ ਰਾਵਤ ਦੀ ਹੋਵੇਗੀ ਛੁੱਟੀ, ਹੁਣ ਇਹ ਨੇਤਾ ਬਣ ਸਕਦੇ ਹਨ ਇੰਚਾਰਜ
Friday, Oct 01, 2021 - 02:44 PM (IST)
ਲੁਧਿਆਣਾ (ਹਿਤੇਸ਼)– ਪੰਜਾਬ ਕਾਂਗਰਸ ’ਚ ਚੱਲ ਰਹੇ ਵਿਵਾਦ ਦਰਮਿਆਨ ਇੰਚਾਰਜ ਬਦਲਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਹਾਲਾਂਕਿ, ਉਤਰਾਖੰਡ ’ਚ ਪੰਜਾਬ ਦੇ ਨਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਰੀਸ਼ ਰਾਵਤ ਪਹਿਲਾਂ ਹੀ ਅਹੁਦਾ ਛੱਡਣ ਦੀ ਇੱਛਾ ਜ਼ਾਹਿਰ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ ਗਿਆ ਹੈ। ਹੁਣ ਉਨ੍ਹਾਂ ਦੇ ਇੰਚਾਰਜ ਰਹਿਣ ਦੌਰਾਨ ਪੰਜਾਬ ਕਾਂਗਰਸ ’ਚ ਮਚਿਆਂ ਘਮਾਸਾਨ ਸ਼ਾਂਤ ਨਾ ਹੋਣ ਦੇ ਮੱਦੇਨਜ਼ਰ ਹਾਈਕਮਾਨ ਦੁਆਰਾ ਉਨ੍ਹਾਂ ਨੂੰ ਬਦਲਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਜਿਥੋਂ ਤਕ ਨਵਾਂ ਇੰਚਾਰਜ ਬਣਾਏ ਜਾਣ ਦਾ ਸਵਾਲ ਹੈ, ਉਸ ਲਈ ਮੁੱਖ ਰੂਪ ਨਾਲ ਹਰੀਸ਼ ਚੌਧਰੀ ਦਾ ਨਾਂ ਸਾਹਮਣੇ ਆ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਦੀ ਟੀਮ ਦਾ ਅਹਿਮ ਮੈਂਬਰ ਮੰਨਿਆ ਜਾਂਦਾ ਹੈ। ਉਹ ਪਹਿਲਾਂ ਆਸ਼ਾ ਕੁਮਾਰੀ ਨਾਲ ਸਹਿ-ਇੰਚਾਰਜ ਰਹਿ ਚੁੱਕੇ ਹਨ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ’ਚ ਟਿਕਟਾਂ ਵੰਡਣ ’ਚ ਅਹਿਮ ਭੂਮਿਕਾ ਨਿਭਾਈ ਸੀ।
ਹੁਣ ਉਂਝ ਚੌਧਰੀ ਰਾਜਸਥਾਨ ਸਰਕਾਰ ’ਚ ਮੰਤਰੀ ਹਨ ਪਰ ਨਾਲ ਹੀ ਉਨ੍ਹਾਂ ਨੂੰ ਪੰਜਾਬ ਕਾਂਗਰਸ ਇੰਚਾਰਜ ਬਣਾਉਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੈ ਜਿਸ ਦੇ ਸੰਕੇਤ ਵਿਧਾਇਕ ਦਲ ਦੀ ਬੈਠਕ ਬੁਲਾਉਣ ਦੌਰਾਨ ਉਨ੍ਹਾਂ ਨੂੰ ਓਵਰਜਰਵਰ ਲਗਾਉਣ ਨਾਲ ਮਿਲ ਗਏ ਸਨ। ਉਨ੍ਹਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਨਾਂ ਫਾਈਨਲ ਕਰਨ ਤੋਂ ਲੈ ਕੇ ਨਵੇਂ ਮੰਤਰੀ ਮੰਡਲ ਦੇ ਗਠਨ ਦੇ ਮਾਮਲੇ ’ਚ ਹਾਈ ਕਮਾਨ ਅਤੇ ਸੂਬੇ ਦੀ ਅਗਵਾਈ ਵਿਚਕਾਰ ਕੜੀ ਦਾ ਕੰਮ ਕੀਤਾ ਅਤੇ ਹੁਣ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਚੰਨੀ ਵਿਚਾਲੇ ਮੀਟਿੰਗ ਕਰਵਾਉਣ ਲਈ ਉਨ੍ਹਾਂ ਦੀ ਡਿਊਟੀ ਲਗਾਉਣ ਨਾਲ ਉਨ੍ਹਾਂ ਦੇ ਅਗਲੇ ਇੰਚਾਰਜ ਬਣਨ ਦੀ ਚਰਚਾ ਹੋਰ ਮਜ਼ਬੂਤ ਹੋ ਗਈ ਹੈ ਜਿਸ ਨੂੰ ਲੈ ਕੇ ਇਸੇ ਹਫਤੇ ’ਚ ਐਲਾਨ ਹੋਣ ਦੀ ਉਮੀਦ ਹੈ।