ਪੰਜਾਬ ਕਾਂਗਰਸ ’ਚ ਮਚੀ ਹਲਚਲ ਵਿਚਾਲੇ ਵੱਡੀ ਖ਼ਬਰ : ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

Wednesday, Oct 20, 2021 - 04:49 PM (IST)

ਪੰਜਾਬ ਕਾਂਗਰਸ ’ਚ ਮਚੀ ਹਲਚਲ ਵਿਚਾਲੇ ਵੱਡੀ ਖ਼ਬਰ : ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ (ਬਿਊਰੋ) : ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਸਿਆਸਤ ਪੂਰੀ ਤਰ੍ਹਾਂ ਗਰਮਾ ਗਈਹੈ। ਇਸ ਦਰਮਿਆਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਪੰਜਾਬ ਦੇ ਮਸਲਿਆਂ ’ਤੇ ਚਰਚਾ ਵੀ ਕੀਤੀ ਗਈ। ਮੀਟਿੰਗ ਤੋਂ ਬਾਅਦ ਹਰੀਸ਼ ਰਾਵਤ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਵਲੋਂ ਨਵੀਂ ਪਾਰਟੀ ਬਣਾਉਣ ਦਾ ਮਤਲਬ ਹੈ ਕਿ ਉਨ੍ਹਾਂ ਨੇ ‘ਕਾਂ ਖਾਣਾ ਹੈ, ਤਿੱਤਰ ਦੱਸ ਕੇ।’ਇਸ ਦੌਰਾਨ ਹਰੀਸ਼ ਰਾਵਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਟਕਿਆ ਹੋਇਆ ਵਿਅਕਤੀ ਹੈ। ਰਾਵਤ ਨੇ ਕਿਹਾ ਕਿ ਕੁਝ ਤਾਂ ਮਜ਼ਬੂਰੀਆਂ ਹੋਣਗੀਆਂ, ਇਹ ਤਾਂ ਕੈਪਟਨ ਜਾਂ ਭਾਜਪਾ ਦੇ ਬੌਸ ਹੀ ਬਿਹਤਰ ਜਾਣਦੇ ਸਨ। ਹਾਲਾਂਕਿ ਇਸ ਤੋਂ ਪਹਿਲਾਂ ਰਾਵਤ ਨੇ ਅਮਰਿੰਦਰ ਦੀਆਂ ਕਾਂਗਰਸ ’ਚ ਸੰਭਾਵਨਾਵਾਂ ਬਰਕਰਾਰ ਰੱਖਣ ਦੀ ਗੱਲ ਕਹੀ ਸੀ। ਮੰਨਿਆ ਜਾ ਰਿਹਾ ਸੀ ਕਿ 2022 ਦੀਆਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਕਾਂਗਰਸੀ ਨੇਤਾ ਅਮਰਿੰਦਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਦੇ ਉਲਟ ਹੁਣ ਕੈਪਟਨ ਨੇ ਕਾਂਗਰਸ ਛੱਡ ਕੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਰਾਵਤ ਨੇ ਕਿਹਾ ਕਿ ਉਂਝ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਉਹ ਕਾਂਗਰਸ ’ਚ ਨਹੀਂ ਰਹਿਣਗੇ। ਬਕਾਇਦਾ ਕੈਪਟਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਮੁਲਾਕਾਤ ਕੀਤੀ ਸੀ। ਹਾਲਾਂਕਿ ਉਦੋਂ ਉਨ੍ਹਾਂ ਨੇ ਕਿਹਾ ਸੀ ਕਿ ਫਿਲਹਾਲ ਉਨ੍ਹਾਂ ਦਾ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਦਾ ਕੋਈ ਇਰਾਦਾ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਨੂੰ ਪਾਕਿਸਤਾਨ ਤੇ ਚੀਨ ਤੋਂ ਵੱਧ ਕੈਪਟਨ ਅਮਰਿੰਦਰ ਸਿੰਘ ਦੀ ਗੱਦਾਰੀ ਤੋਂ ਖ਼ਤਰਾ : ਸੁੱਖੀ ਰੰਧਾਵਾ

ਦੱਸਣਯੋਗ ਹੈ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਦੇ ਗਠਨ ਦਾ ਐਲਾਨ ਕਰ ਦਿੱਤਾ। ਕੈਪਟਨ ਨੇ ਭਾਰਤੀ ਜਨਤਾ ਪਾਰਟੀ ਨਾਲ ਗਠਜੋੜ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਹਨ। ਉਨ੍ਹਾਂ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਭਾਜਪਾ ਦੇ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਆਸਵੰਦ ਹਨ। ਹਾਲਾਂਕਿ ਇਹ ਉਦੋਂ ਸੰਭਵ ਹੋਵੇਗਾ ਜੇ ਖੇਤੀ ਅੰਦੋਲਨ ਦਾ ਹੱਲ ਕਿਸਾਨਾਂ ਦੇ ਹਿੱਤ ’ਚ ਕੀਤਾ ਜਾਂਦਾ ਹੈ। ਕੈਪਟਨ ਦੇ ਹਵਾਲੇ ਤੋਂ ਉਨ੍ਹਾਂ ਦੇ ਸਲਾਹਕਾਰ ਨੇ ਟਵੀਟ ਕਰਕੇ ਲਿਖਿਆ ਕਿ ਪੰਜਾਬ ਦੇ ਭਵਿੱਖ ਦੀ ਲੜਾਈ ਜਾਰੀ ਹੈ। ਇਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਸਮੇਤ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਲਈ ਕੈਪਟਨ ਛੇਤੀ ਹੀ ਆਪਣੀ ਖੁਦ ਦੀ ਰਾਜਨੀਤਿਕ ਪਾਰਟੀ ਸ਼ੁਰੂ ਕਰਨ ਦਾ ਐਲਾਨ ਕਰਣਗੇ। ਇਹ ਪਾਰਟੀ ਸਮਾਨ ਵਿਚਾਰਧਾਰਾ ਵਾਲੇ ਦਲਾਂ ਸਮੇਤ ਅਕਾਲੀ ਪਾਰਟੀ ਤੋਂ ਵੱਖ ਹੋਏ ਵਿਸ਼ੇਸ਼ ਤੌਰ ’ਤੇ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਤਲਾਸ਼ੇਗੀ।

ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਨੇ ਦਿੱਤੇ ਸਖਤੀ ਦੇ ਹੁਕਮ, ਗੈਂਗਸਟਰਾਂ ਤੇ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


author

Anuradha

Content Editor

Related News