ਸਿੱਧੂ ਗਰੁੱਪ ਦੀ ਬਿਆਨਬਾਜ਼ੀ ਤੋਂ ਹਰੀਸ਼ ਰਾਵਤ ਨਾਰਾਜ਼
Tuesday, Aug 31, 2021 - 03:06 AM (IST)
ਜਲੰਧਰ,(ਧਵਨ)- ਸਿੱਧੂ ਗਰੁੱਪ ਦੇ ਨੇਤਾਵਾਂ ਦੀ ਲਗਾਤਾਰ ਚੱਲ ਰਹੀ ਬਿਆਨਬਾਜ਼ੀ ਤੋਂ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਮੁਖੀ ਹਰੀਸ਼ ਰਾਵਤ ਨਾਰਾਜ਼ ਦੱਸੇ ਜਾ ਰਹੇ ਹਨ।
ਰਾਵਤ ਦੇ ਨੇੜਲੇ ਨੇਤਾਵਾਂ ਨੇ ਦੱਸਿਆ ਕਿ ਪੰਜਾਬ ਮੁਖੀ ਦੇ ਅੰਦਰ ਭਾਰੀ ਨਾਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਭਾਵੇਂ ਹੁਣ ਉਹ ਚੁੱਪ ਹਨ ਪਰ ਉਨ੍ਹਾਂ ਦੀ ਨਾਰਾਜ਼ਗੀ ਆਉਣ ਵਾਲੇ ਸਮੇਂ ’ਚ ਕੋਈ ਗੁਲ ਖਿਲਾ ਸਕਦੀ ਹੈ। ਸੂਤਰਾਂ ਨੇ ਦੱਸਿਆ ਕਿ ਹਰੀਸ਼ ਰਾਵਤ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ ਜੋ ਬਿਆਨ ਦਿੱਤੇ ਸਨ, ਉਹ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਦਿੱਤੇ ਗਏ ਸਨ।
ਇਹ ਵੀ ਪੜ੍ਹੋ- ਕਿਸਾਨਾਂ ’ਤੇ ਤਸ਼ੱਦਦ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ : ਗੁਰਪਾਲ ਸਮਰਾ
ਰਾਵਤ ਇਕ ਤਜਰਬੇਕਾਰ ਸਿਆਸਤਦਾਨ ਹਨ, ਜੋ ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। ਇਕ ਕਾਂਗਰਸੀ ਨੇਤਾ ਦਾ ਮੰਨਣਾ ਹੈ ਕਿ ਅਜਿਹੇ ਤਜਰਬੇਕਾਰ ਖਿਡਾਰੀ ਤੋਂ ਆਪਣੇ ਪੱਧਰ ’ਤੇ ਬਿਆਨ ਦੇਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਜੇ ਰਾਵਤ ਕੁੱਝ ਬੋਲਦੇ ਤਾਂ ਉਸ ਦੇ ਪਿੱਛੇ ਕੇਂਦਰੀ ਲੀਡਰਸ਼ਿਪ ਦੇ ਦਿਸ਼ਾ-ਨਿਰਦੇਸ਼ ਲੁਕੇ ਹੁੰਦੇ ਹਨ। ਜੇ ਰਾਵਤ ਨੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਤਾਂ ਉਸ ਦੇ ਪਿੱਛੇ ਇਹ ਤਰਕ ਸੀ ਕਿ ਕੇਂਦਰੀ ਲੀਡਰਸ਼ਿਪ ਕੈਪਟਨ ਅਮਰਿੰਦਰ ਸਿੰਘ ਦੇ ਅੰਦਰ ਪੂਰਾ ਜ਼ੋਰ-ਸ਼ੋਰ ਦਿਖਾ ਰਹੀ ਹੈ ਕਿ ਉਹ ਕਾਂਗਰਸ ਦੀ ਬੇੜੀ ਨੂੰ 2022 ’ਚ ਪਾਰ ਲਗਾਉਣ ਦੀ ਸਮਰੱਥਾ ਰੱਖਦੇ ਹਨ।
ਕਾਂਗਰਸ ਨੇਤਾਵਾਂ ਨੇ ਕਿਹਾ ਕਿ ਰਾਵਤ ਨੂੰ ਉਨ੍ਹਾਂ ਦੀ ਬਿਆਨਬਾਜ਼ੀ ਨੂੰ ਲੈ ਕੇ ਹਲਕੇ ’ਚ ਨਹੀਂ ਲਿਆ ਜਾਣਾ ਚਾਹੀਦਾ। ਉਹ ਸੋਚ-ਸਮਝ ਕੇ ਬਿਆਨ ਦਿੰਦੇ ਹਨ। ਉਨ੍ਹਾਂ ਨੂੰ ਵੀ ਪਤਾ ਹੈ ਕਿ ਉਨ੍ਹਾਂ ਦੇ ਬਿਆਨ ਦਾ ਕਿਸ ’ਤੇ ਕੀ ਪ੍ਰਭਾਵ ਪੈਣਾ ਹੈ। ਕਾਂਗਰਸ ਸੂਤਰਾਂ ਨੇ ਕਿਹਾ ਕਿ ਕੇਂਦਰੀ ਲੀਡਰਸ਼ਿਪ ਨੇ ਵੀ ਸਿੱਧੂ ਗਰੁੱਪ ਦੇ ਕੁੱਝ ਨੇਤਾਵਾਂ ਦੀਆਂ ਸਰਗਰਮੀਆਂ ਨੂੰ ਪਸੰਦ ਨਹੀਂ ਕੀਤਾ ਹੈ। ਭਾਵੇਂ ਇਸ ’ਚ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵਲੋਂ ਜੰਮੂ-ਕਸ਼ਮੀਰ ਨੂੰ ਲੈ ਕੇ ਕੀਤੀ ਗਈ ਬਿਆਨਬਾਜ਼ੀ ਹੋਵੇ ਜਾਂ ਫਿਰ ਉਨ੍ਹਾਂ ਦੇ ਇਕ ਹੋਰ ਸਲਾਹਕਾਰ ਵਲੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨ ਖਿਲਾਫ ਹਮਲਾਵਰ ਰੁਖ ਅਪਣਾਉਣ ਦੇ ਮਾਮਲੇ ’ਚ ਕੀਤੀ ਗਈ ਨਿੰਦਾ ਕਿਉਂ ਨਾ ਸ਼ਾਮਲ ਹੋਵੇ।
ਇਹ ਵੀ ਪੜ੍ਹੋ : ਇਸ਼ਕ ’ਚ ਅੰਨ੍ਹੇ ਦਿਓਰ-ਭਰਜਾਈ ਨੇ ਲੋਕਾਂ ਦੇ ਤਾਅਨੇ-ਮਿਹਣਿਆਂ ਤੋਂ ਦੁਖੀ ਹੋ ਨਿਗਲਿਆ ਜ਼ਹਿਰ, ਮੌਤ
ਕੇਂਦਰੀ ਲੀਡਰਸ਼ਿਪ ਹੁਣ ਚਾਹੁੰਦੀ ਹੈ ਕਿ ਪਾਰਟੀ ’ਚ ਅਨੁਸ਼ਾਸਨ ਦੀ ਸਖਤੀ ਨਾਲ ਬਹਾਲੀ ਹੋਣੀ ਚਾਹੀਦੀ ਹੈ। ਹੁਣਾ ਪੂਰਾ ਫੋਕਸ ਆਉਂਦੀਆਂ ਵਿਧਾਨ ਸਭਾ ਚੋਣਾਂ ਵੱਲ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਚੋਣਾਂ ’ਚ ਚਾਰ-ਪੰਜ ਮਹੀਨਿਆਂ ਦਾ ਸਮਾਂ ਬਾਕੀ ਹੈ ਅਤੇ ਪਾਰੀ ਨੂੰ ਇਕ-ਦੂਜੇ ਖਿਲਾਫ ਬਿਆਨਬਾਜ਼ੀ ਦੀ ਥਾਂ ਵਿਰੋਧੀ ਪਾਰਟੀਆਂ ਖਿਲਾਫ ਹਮਲਾਵਰ ਰੁਖ ਅਪਣਾਉਣਾ ਚਾਹੀਦਾ ਹੈ।