ਵਿਧਾਨ ਸਭਾ ਚੋਣਾਂ ਦੌਰਾਨ ਹਰੀਸ਼ ਚੌਧਰੀ ਦਾ ਵੱਡਾ ਬਿਆਨ, ''ਕਿਸੇ ਨਿੱਜੀ ਨੇਤਾ ਦਾ ਚਿਹਰਾ ਅੱਗੇ ਨਹੀਂ ਕਰੇਗੀ ਕਾਂਗਰਸ''
Thursday, Jan 20, 2022 - 09:00 AM (IST)
ਜਲੰਧਰ/ਚੰਡੀਗੜ੍ਹ (ਧਵਨ) : ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਾਂਗਰਸ ਵੱਲੋਂ ਸਮੂਹਿਕ ਲੀਡਰਸ਼ਿਪ ਦੇ ਆਧਾਰ ’ਤੇ ਲੜੀਆਂ ਜਾਣਗੀਆਂ ਅਤੇ ਕਿਸੇ ਨਿੱਜੀ ਨੇਤਾ ਦਾ ਨਾਂ ਅੱਗੇ ਨਹੀਂ ਕੀਤਾ ਜਾਵੇਗਾ। ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ 10 ਜਨਪਥ ’ਚ ਜ਼ਰੂਰ ਗਏ ਸਨ ਪਰ ਉਨ੍ਹਾਂ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਕੋਈ ਬੈਠਕ ਨਹੀਂ ਹੋਈ।
ਇਹ ਵੀ ਪੜ੍ਹੋ : ਪੰਜਾਬ 'ਚ ਪੈ ਰਹੀ ਕੜਾਕੇ ਦੀ ਠੰਡ ਦਰਮਿਆਨ ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣਾ ਸਟੈਂਡ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਸਮੂਹਿਕ ਲੀਡਰਸ਼ਿਪ ਨੂੰ ਅੱਗੇ ਕਰੇਗੀ ਅਤੇ ਕਾਂਗਰਸ ਦੀ ਪ੍ਰਚਾਰ ਸਮੱਗਰੀ ਵਿਚ ਵੀ ਸਮੂਹਿਕ ਲੀਡਰਸ਼ਿਪ ਨੂੰ ਉਤਸ਼ਾਹ ਦਿੱਤਾ ਗਿਆ ਹੈ, ਜਿਸ ਦੇ ਤਹਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਕੰਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੇ ਨਾਂ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਪ੍ਰਥਾ ਰਹੀ ਹੈ ਕਿ ਉਸ ਦੇ ਚੁਣੇ ਜਾਣ ਵਾਲੇ ਵਿਧਾਇਕ ਹੀ ਆਪਣਾ ਮੁੱਖ ਮੰਤਰੀ ਚੁਣਦੇ ਹਨ। ਇਸ ਵਾਰ ਵੀ ਇਸੇ ਫਾਰਮੂਲੇ ਨੂੰ ਅਪਣਾਇਆ ਜਾ ਰਿਹਾ ਹੈ, ਜਿਸ ਨੂੰ ਸਾਰੇ ਕਾਂਗਰਸੀ ਮੰਨਦੇ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ED ਦੀ ਛਾਪੇਮਾਰੀ ਦੌਰਾਨ ਕਰੀਬ 10 ਕਰੋੜ ਦੀ ਨਕਦੀ ਬਰਾਮਦ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਆਮ ਆਦਮੀ ਪਾਰਟੀ ਨੇ ਤਾਂ ਮੁੱਖ ਮੰਤਰੀ ਅਹੁਦੇ ਲਈ ਆਪਣੇ ਨੇਤਾ ਦਾ ਨਾਂ ਅੱਗੇ ਕਰ ਦਿੱਤਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ ਅਤੇ ਇਸ ਬਾਰੇ ਉਹ ਕੁੱਝ ਨਹੀਂ ਕਹਿਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਭਾਵੇਂ ਮੁੱਖ ਮੰਤਰੀ ਅਹੁਦੇ ਦੇ ਚਿਹਰੇ ਵਜੋਂ ਅੱਗੇ ਕੀਤਾ ਹੈ ਪਰ ਪੰਜਾਬ ਵਾਸੀ ਮਾਨ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਮੁੱਖ ਮੰਤਰੀ ਵਰਗੇ ਗੰਭੀਰ ਅਹੁਦੇ ਲਈ ਸਵੀਕਾਰ ਨਹੀਂ ਕਰ ਸਕਦੇ। ਹਰੀਸ਼ ਚੌਧਰੀ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਪਿੱਛੋਂ ਕੁੱਝ ਸੀਟਾਂ ’ਤੇ ਕਾਂਗਰਸੀ ਨੇਤਾਵਾਂ ਵੱਲੋਂ ਫ਼ੈਸਲੇ ’ਤੇ ਮੁੜ-ਵਿਚਾਰ ਕਰਨ ਦੀ ਮੰਗ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੇ ਇਨ੍ਹਾਂ ਨੇਤਾਵਾਂ ਦੀ ਮੰਗ ਮੰਨ ਲਈ ਹੈ, ਜਿਸ ’ਤੇ ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਵਿਚ ਮੁੜ-ਵਿਚਾਰ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ