ਪਟਿਆਲਾ-ਫਤਿਹਗੜ੍ਹ ਸਾਹਿਬ ਤੇ ਮੋਰਿੰਡਾ ਰੋਡ ਨੂੰ ਫੋਰਲੇਨ ਕੀਤਾ ਜਾਵੇ : ਚੰਦੂਮਾਜਰਾ
Tuesday, Mar 30, 2021 - 11:22 AM (IST)
ਫਤਿਹਗੜ੍ਹ ਸਾਹਿਬ (ਜਗਦੇਵ) : ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਪਟਿਆਲਾ ਤੋਂ ਸ਼ਹੀਦਾਂ ਦੀ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਤੋਂ ਮੋਰਿੰਡਾ ਰੋਡ ਨੂੰ ਫੋਰਲੇਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਨਿੱਤ ਦਿਨ ਦੇ ਸੜਕੀ ਹਾਦਸਿਆਂ ਦੌਰਾਨ ਜਾਣ ਵਾਲੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਾਹੀ ਸ਼ਹਿਰ ਪਟਿਆਲਾ ਤੋਂ ਲੈ ਕੇ ਸਰਹਿੰਦ ਫਤਿਹਗੜ੍ਹ ਸਾਹਿਬ ਅਤੇ ਮੋਰਿੰਡਾ ਸੜਕ ਨੂੰ ਲੋਕ ਖ਼ੂਨੀ ਸੜਕ ਦੇ ਨਾਮ ਨਾਲ ਵੀ ਜਾਣਦੇ ਹਨ।
ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਇਸ ਸੜਕ ਨੂੰ ਚੌੜੀ ਕਰਨਾ ਸਮੇਂ ਦੀ ਮੁੱਖ ਲੋੜ ਹੈ। ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਰਕਾਰ ਵਲੋਂ ਬੁਲਾਏ ਗਏ ਸੈਸ਼ਨ ’ਚ ਵੀ ਇਹ ਮੁੱਦਾ ਚੁੱਕਿਆ ਗਿਆ ਸੀ ਤੇ ਪੁੱਛਿਆ ਗਿਆ ਸੀ ਕਿ ਕੀ ਲੋਕ ਨਿਰਮਾਣ ਮਹਿਕਮਾ ਕ੍ਰਿਪਾ ਕਰਕੇ ਇਹ ਦੱਸੇਗਾ ਕਿ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਤੋਂ ਮੋਰਿੰਡਾ ਤੱਕ ਰੋਡ ਨੂੰ ਫੋਰਲੇਨ ਕਰਨ ਅਤੇ ਇਸ ਸੜਕ ਦਾ ਨਾਮ ਮਾਤਾ ਗੁਜਰ ਕੌਰ ਜੀ ਦੇ ਨਾਂ ਤੇ ਰੱਖਣ ਦੀ ਕੋਈ ਯੋਜਨਾ ਸਰਕਾਰ ਦੇ ਵਿਚਾਰ ਅਧੀਨ ਹੈ? ਜੇਕਰ ਹੈ ਤਾਂ ਕਦੋਂ ਤੱਕ?
ਇਸ ਦੇ ਜਵਾਬ ’ਚ ਲੋਕ ਨਿਰਮਾਣ ਮਹਿਕਮੇ ਦੇ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਹਾਲ ਦੀ ਘੜੀ ਪਟਿਆਲਾ ਤੋਂ ਫਤਿਹਗੜ੍ਹ ਦਾ ਤੇ ਫਤਿਹਗੜ੍ਹ ਸਾਹਿਬ ਅਮੈਂਡਾ ਤੱਕ ਫੋਰਲੇਨ ਕਰਨ ਦੀ ਕੋਈ ਵੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਸ ਸੜਕ ਨੂੰ ਫੋਰਲੇਨ ਕਰਨਾ ਅਤਿ ਜ਼ਰੂਰੀ ਹੈ।