ਹਰੀਕੇ ਵੈਟਲੈਂਡ ''ਚ ਛੱਡੇ ਜਾਣਗੇ ਚੰਬਲ ਦੇ ਮੇਲ-ਫੀਮੇਲ ਘੜਿਆਲ

11/20/2017 7:00:20 AM

ਫਿਰੋਜ਼ਪੁਰ  (ਮਲਹੋਤਰਾ) — ਹਰੀਕੇ ਬਰਡ ਸੈਂਚਰੀ ਨੂੰ ਵਿਸ਼ਵ ਪੱਧਰ ਦਾ ਟੂਰਿਜ਼ਮ ਸਥਾਨ ਬਣਾਉਣ ਲਈ ਪੰਜਾਬ ਸਰਕਾਰ ਨੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹਰੀਕੇ ਵੈਟਲੈਂਡ ਵਿਚ ਚੰਬਲ ਦੇ ਘੜਿਆਲ, ਕੱਛੂ ਤੇ ਵਿਸ਼ੇਸ਼ ਕਿਸਮ ਦੇ ਡੱਡੂ ਛੱਡੇ ਜਾਣਗੇ। ਆਉਣ ਵਾਲੇ ਦਿਨਾਂ ਵਿਚ ਹਰੀਕੇ ਵੈਟਲੈਂਡ ਵਿਸ਼ਵ ਟੂਰਿਜ਼ਮ ਦੇ ਨਕਸ਼ੇ 'ਤੇ ਆ ਜਾਵੇਗੀ। ਇਸ ਸੈਂਚਰੀ 'ਤੇ ਪਹਿਲਾਂ ਹੀ ਲੱਖਾਂ ਦੀ ਗਿਣਤੀ ਵਿਚ ਵਿਦੇਸ਼ੀ ਪੰਛੀ ਪਹੁੰਚਦੇ ਸਨ ਪਰ ਪੰਜਾਬ ਦੀ ਸਾਬਕਾ ਅਕਾਲੀ-ਭਾਜਪਾ ਸਰਕਾਰ ਵੱਲੋਂ ਜਲਬੱਸ ਚਲਾਉਣ ਤੋਂ ਬਾਅਦ ਜ਼ਿਆਦਾਤਰ ਸਾਈਬੇਰੀਅਨ ਪੰਛੀਆਂ ਤੋਂ ਇਲਾਵਾ ਵਿਦੇਸ਼ੀ ਪੰਛੀ ਬੱਸ ਦੇ ਰੌਲੇ ਕਾਰਨ ਜਾਂ ਤਾਂ ਮਰ ਗਏ ਸਨ ਜਾਂ ਫਿਰ ਇਹ ਸੈਂਚਰੀ ਛੱਡ ਕੇ ਚਲੇ ਗਏ ਸੀ ਪਰ ਇਕ ਵਾਰ ਫਿਰ ਇਸ ਵੈਟਲੈਂਡ ਨੂੰ ਵਿਸ਼ਵ ਦੇ ਟੂਰਿਜ਼ਮ ਨਕਸ਼ੇ 'ਤੇ ਲਿਆਉਣ ਲਈ ਕਰੋਕੋਡਾਇਲ ਐਕਸਪਰਟ ਡਾ. ਬੀ. ਸੀ. ਚੌਧਰੀ ਦੀ ਅਗਵਾਈ ਵਿਚ ਮਾਹਿਰ ਡਾ. ਅਸਗਰ ਨਵਾਬ, ਡਾ. ਸੁਰੇਸ਼ ਬਾਬੂ, ਗੀਤਾਂਜਲੀ, ਡਾ. ਨੀਰਜ ਗੁਪਤਾ ਦੀ ਟੀਮ ਇੱਥੇ ਪਹੁੰਚ ਗਈ ਹੈ ਅਤੇ ਇਸ ਟੀਮ ਨੇ ਫਿਰੋਜ਼ਪੁਰ, ਤਰਨਤਾਰਨ ਤੇ ਕਪੂਰਥਲਾ ਜ਼ਿਲਿਆਂ ਤੱਕ ਕਰੀਬ 10 ਹਜ਼ਾਰ ਏਕੜ ਵਿਚ ਫੈਲੀ ਇਸ ਸੈਂਚਰੀ ਦੇ ਵੱਖ-ਵੱਖ ਤਲਾਬਾਂ ਦਾ ਦੌਰਾ ਕੀਤਾ ਅਤੇ ਘੜਿਆਲਾਂ ਨੂੰ ਛੱਡਣ ਤੋਂ ਪਹਿਲਾਂ ਉਨ੍ਹਾਂ ਦੇ ਰਹਿਣ ਦੇ ਪੱਖੀ ਤੇ ਵਿਪੱਖੀ ਹਾਲਾਤ ਦਾ ਜਾਇਜ਼ਾ ਲਿਆ। ਡਾ. ਚੌਧਰੀ ਨੇ ਦੱਸਿਆ ਕਿ ਇਹ ਟੀਮ ਜਲਦ ਹੀ ਇੱਥੇ ਘੜਿਆਲ ਛੱਡਣ ਬਾਰੇ ਆਪਣੀ ਰਿਪੋਰਟ ਪੇਸ਼ ਕਰੇਗੀ।
ਨਿਰੀਖਣ ਟੀਮ ਵਿਚ ਸ਼ਾਮਲ ਚੀਫ ਵਾਈਲਡ ਲਾਈਫ ਵਾਰਡਨ ਪੰਜਾਬ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਦੇ ਬਾਅਦ ਹਰੀਕੇ ਵਿਚ ਹੀ ਕਛੂਆ ਹੈਚਰੀ ਤਿਆਰ ਕੀਤੇ ਜਾਣ ਦੀ ਯੋਜਨਾ ਵਿਭਾਗ ਤਿਆਰ ਕਰ ਰਿਹਾ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਹਰੀਕੇ ਬਰਡ ਸੈਂਚਰੀ ਤੇ ਵੈਟਲੈਂਡ ਵਿਚ ਸਰਦੀਆਂ ਦੇ ਦਿਨਾਂ ਵਿਚ ਬਹੁਤ ਅਨੁਕੂਲ ਮੌਸਮ ਹੋਣ ਕਾਰਨ ਸਾਈਬੇਰੀਆ ਸਣੇ ਕਈ ਯੂਰਪੀ ਦੇਸ਼ਾਂ ਦੇ ਲੱਖਾਂ ਪੰਛੀ ਇੱਥੇ ਆਉਂਦੇ ਹਨ। ਇਥੇ ਜੰਗਲੀ ਪੰਛੀਆਂ ਅਤੇ ਜੀਵਾਂ ਦੇ ਰਹਿਣ ਲਈ ਅਨੁਕੂਲ ਸਥਾਨ ਦੇਖਦੇ ਹੋਏ ਵਾਈਲ ਡਲਾਈਫ ਵਿਭਾਗ ਇਸ ਜਗ੍ਹਾ ਨੂੰ ਟੂਰਿਜ਼ਮ ਸਥਾਨ ਦੇ ਰੂਪ ਵਿਚ ਪ੍ਰਮੋਟ ਕਰਨ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ ਅਤੇ ਚੰਬਲ (ਮੱਧ ਪ੍ਰਦੇਸ਼) ਵੈਟਲੈਂਡ ਤੋਂ ਕਰੀਬ 50 ਮੇਲ-ਫੀਮੇਲ ਘੜਿਆਲਾਂ ਨੂੰ ਇੱਥੇ ਲਿਆਉਣ ਦੀ ਤਿਆਰੀ ਹੈ।


Related News