ਕੇਂਦਰੀ ਬਜਟ ਸਿਰਫ਼ ਲੰਗੜੀ ਸਰਕਾਰ ਨੂੰ ਬਚਾਉਣ ''ਤੇ ਕੇਂਦਰਿਤ : ਹਰਚੰਦ ਸਿੰਘ ਬਰਸਟ
Wednesday, Jul 24, 2024 - 05:21 PM (IST)
ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਵਿੱਤੀ ਸਾਲ 2024-25 ਦੇ ਬਜਟ 'ਚ ਪੰਜਾਬ ਨੂੰ ਅਣਦੇਖਿਆਂ ਕਰਨ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਇਹ ਬਜਟ ਸਿਰਫ ਤੇ ਸਿਰਫ ਭਾਜਪਾ ਨੇ ਆਪਣੀਆਂ ਭਾਈਵਾਲ ਪਾਰਟੀਆਂ ਨੂੰ ਖੁਸ਼ ਕਰਕੇ ਕੇਂਦਰ ਦੀ ਆਪਣੀ ਲੰਗੜੀ ਸਰਕਾਰ ਨੂੰ ਬਚਾਉਣ ਦੇ ਲਈ ਜਾਰੀ ਕੀਤਾ ਹੈ। ਕੇਂਦਰ ਸਰਕਾਰ ਨੇ ਇਸ ਬਜਟ 'ਚ ਪੰਜਾਬ ਨਾਲ ਵਿਤਕਰਾ ਕਰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਨਾਲ ਜਾਣ-ਬੁੱਝ ਕੇ ਅਣਦੇਖਿਆਂ ਕੀਤਾ ਹੈ, ਜਦੋਂ ਕਿ ਬਿਹਾਰ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ ਨੂੰ ਖੁਸ਼ ਕਰਨ ਲਈ ਵਾਧੂ ਵਿੱਤੀ ਪੈਕੇਜ ਦਿੱਤੇ ਹਨ।
ਪੰਜਾਬ ਇੱਕ ਸਰਹੱਦੀ ਸੂਬਾ ਹੈ, ਜਿੱਥੇ ਅੰਤਰਰਾਸ਼ਟਰੀ ਪੱਧਰ 'ਤੇ ਨਸ਼ਿਆਂ ਦੀ ਮਾਰ ਪੈਂਦੀ ਰਹਿੰਦੀ ਹੈ। ਇਸ ਦੇ ਬਾਵਜੂਦ ਮੋਦੀ ਸਰਕਾਰ ਵੱਲੋਂ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ। ਬੀਤੇ ਸਾਲ ਪੰਜਾਬ ਨੂੰ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰਨਾ ਪਿਆ ਸੀ, ਉਸ ਦੇ ਬਾਵਜੂਦ ਕੇਂਦਰ ਸਰਕਾਰ ਨੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕਜ ਨਹੀਂ ਦਿੱਤਾ। ਉਨ੍ਹਾਂ ਮੋਦੀ ਸਰਕਾਰ ਦੀ ਨਿਖ਼ੇਧੀ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਬਜਟ 'ਚ ਕੋਈ ਮਦਦ ਨਾ ਦੇ ਕੇ ਮੋਦੀ ਸਰਕਾਰ ਨੇ ਇੱਥੋਂ ਦੇ ਲੋਕਾਂ ਨਾਲ ਪੱਖਪਾਤੀ ਰਵੱਈਆ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਖੇਤੀਬਾੜੀ ਇੱਕ ਮਹੱਤਵਪੂਰਨ ਖੇਤਰ ਹੈ, ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ ਸੈਕਟਰ ਤੇ ਕਿਸਾਨਾਂ ਲਈ ਕੋਈ ਵਾਧੂ ਪੈਕੇਜ ਨਹੀਂ ਦਿੱਤਾ ਗਿਆ, ਜਦੋਂ ਕਿ ਕੇਂਦਰ ਸਰਕਾਰ ਆਪਣੇ-ਆਪ ਨੂੰ ਕਿਸਾਨ ਪੱਖੀ ਸਰਕਾਰ ਦੱਸਦੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਬਜਟ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਗਾਰੰਟੀ ਦੇਣ 'ਚ ਵੀ ਅਸਫ਼ਲ ਰਿਹਾ ਹੈ, ਜਿਸ ਨਾਲ ਕਿਸਾਨਾਂ 'ਚ ਨਿਰਾਸ਼ਾ ਹੋਰ ਵਧੇਗੀ। ਕੇਂਦਰ ਵੱਲੋਂ ਪੰਜਾਬ ਦੇ ਕਰੀਬ 10,000 ਕਰੋੜ ਰੁਪਏ ਦੇ ਫੰਡਾਂ ਨੂੰ ਪਹਿਲਾਂ ਹੀ ਰੋਕਿਆ ਹੋਇਆ ਹੈ, ਜਿਸ 'ਚ ਕਰੀਬ 6 ਹਜ਼ਾਰ ਕਰੋੜ ਤਾਂ ਆਰ. ਡੀ. ਐੱਫ. ਦਾ ਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜਟ 'ਚ ਡਿਫੈਂਸ ਦਾ ਬਜਟ ਵੀ ਘੱਟ ਕਰ ਦਿੱਤਾ ਹੈ, ਜਿਸ ਨਾਲ ਮੋਦੀ ਸਰਕਾਰ ਦੀ ਦੇਸ਼ ਵਿਰੋਧੀ ਸੋਚ ਦਾ ਪੱਤਾ ਚਲਦਾ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਵੱਲੋਂ ਲੋਨ ਲੈਣ ਦੀ ਗੱਲ ਕਹੀ ਗਈ ਹੈ, ਜੋ ਕਿ ਕੇਂਦਰ ਸਰਕਾਰ ਦੀ ਦੇਸ਼ ਦੇ ਵਿਕਾਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪਲਾਨਿੰਗ ਨਾ ਹੋਣ ਨੂੰ ਦਰਸਾਉਂਦੀ ਹੈ। ਜੀ. ਐੱਸ. ਟੀ. ਲੈਣ ਦੇ ਬਾਵਜੂਦ ਕੇਂਦਰ ਸਰਕਾਰ 'ਤੇ ਪਹਿਲਾਂ ਹੀ ਕਰਜ਼ਾ ਚੜ੍ਹਿਆ ਹੋਇਆ ਹੈ, ਉੱਪਰੋਂ ਹੋਰ ਕਰਜ਼ਾ ਲੈਣਾ ਦੇਸ਼ ਲਈ ਘਾਤਕ ਸਿੱਧ ਹੋਵੇਗਾ।
ਹਰਚੰਦ ਸਿੰਘ ਬਰਸਟ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰਵਨੀਤ ਬਿੱਟੂ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਫੂਡ ਪ੍ਰੋਸੈਸਿੰਗ ਦੇ ਲਈ ਕੇਂਦਰ ਸਰਕਾਰ ਤੋਂ ਕੀ ਲੈ ਕੇ ਆਏ ਹਨ ਅਤੇ ਪੰਜਾਬ ਦੇ ਵਿਕਾਸ ਦੇ ਲਈ ਉਨ੍ਹਾਂ ਦੀ ਕੀ ਪਲਾਨਿੰਗ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਤਾਂ ਰਵਨੀਤ ਬਿੱਟੂ ਅਤੇ ਸੁਨੀਲ ਜਾਖੜ ਨੇ ਪੰਜਾਬ ਦੇ ਆਰਥਿਕ ਸਾਧਨਾਂ ਨੂੰ ਬਰਬਾਦ ਕਰਨ ਲਈ ਭਾਜਪਾ ਦੇ ਹੱਥ ਸੌਖੇ ਕਰ ਦਿੱਤੇ ਹਨ, ਜਦਕਿ ਇਨ੍ਹਾਂ ਦੋਹਾਂ ਨੂੰ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਆਵਾਜ਼ ਚੁੱਕਣੀ ਚਾਹੀਦੀ ਹੈ ਪਰ ਇਹ ਤਾਂ ਪੰਜਾਬ ਨੂੰ ਬਰਬਾਦ ਕਰਨ ਦੇ ਰਸਤੇ 'ਤੇ ਤੁਰੇ ਹੋਏ ਹਨ। ਆਪ ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਪੰਜਾਬ ਵਿਰੋਧੀ ਰਵੱਈਏ ਨੂੰ ਲੈ ਕੇ ਪੰਜਾਬ ਦੇ ਲੋਕ ਕਦੇ ਵੀ ਉਨ੍ਹਾਂ ਨੂੰ ਮੁਆਫ਼ ਨਹੀਂ ਕਰਨਗੇ।