ਅੱਜ ਹਰ ਭਾਰਤੀ ਦੀ ਆਵਾਜ਼, ''ਮੋਦੀ ਹਟਾਓ, ਦੇਸ਼ ਬਚਾਓ'': ਕੈਬਨਿਟ ਮੰਤਰੀ ਹਰਭਜਨ ਸਿੰਘ

03/30/2023 5:39:53 PM

ਚੰਡੀਗੜ੍ਹ/ਜਲੰਧਰ- ਆਮ ਆਦਮੀ ਪਾਰਟੀ (ਆਪ) ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਅੱਜ ਹਰ ਭਾਰਤੀ ਦੀ ਆਵਾਜ਼ ਹੈ ‘ਮੋਦੀ ਹਟਾਓ, ਦੇਸ਼ ਬਚਾਓ’। ਭਾਜਪਾ ਸਰਕਾਰ ਨੇ ਸਾਡੇ ਦੇਸ਼, ਸੰਵਿਧਾਨ ਅਤੇ ਲੋਕਾਂ ਨੂੰ ਹਰ ਪੱਖੋਂ 'ਤੇ ਫੇਲ ਕੀਤਾ ਹੈ ਤਾਂ ਦੇਸ਼ ਨੂੰ ਬਚਾਉਣ ਲਈ ਮੋਦੀ ਨੂੰ ਸੱਤਾ ਤੋਂ ਹਟਾਉਣਾ ਹੀ ਪਵੇਗਾ। ਵੀਰਵਾਰ ਨੂੰ ਜਲੰਧਰ ਵਿਖੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਸਾਡੇ ਸ਼ਹੀਦਾਂ ਨੇ ਦੇਸ਼ ਨੂੰ ਸਿਰਫ਼ ਅੰਗਰੇਜ਼ਾਂ ਤੋਂ ਹੀ ਨਹੀਂ ਸਗੋਂ ਅਨਪੜ੍ਹਤਾ, ਸਮਾਜਿਕ ਵੰਡ ਅਤੇ ਬੇਇਨਸਾਫ਼ੀ ਤੋਂ ਵੀ ਮੁਕਤ ਕਰਵਾਉਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਲਾਲਾ ਲਾਜਪਤ ਰਾਏ, ਬੀ. ਕੇ. ਦੱਤ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਜੋ ਸਾਡੇ ਦੇਸ਼ ਦੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ, ਰੁਜ਼ਗਾਰ, ਬਰਾਬਰੀ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਮਿਲ ਸਕੇ।

ਇਹ ਵੀ ਪੜ੍ਹੋ : ਤਲਵਾੜਾ ਤੋਂ ਆਈ ਦੁਖ਼ਦਾਇਕ ਖ਼ਬਰ, ਪਿਓ ਨੇ ਦੋ ਧੀਆਂ 'ਤੇ ਪੈਟਰੋਲ ਪਾ ਕੇ ਲਾਈ ਅੱਗ

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਭਾਜਪਾ ਦੀ ਤਾਨਾਸ਼ਾਹ ਸਰਕਾਰ ਨੇ ਅੰਗਰੇਜ਼ਾਂ ਦੇ ਰਾਜ ਨੂੰ ਵੀ ਪਿੱਛੇ ਛੱਡ ਦਿੱਤਾ ਅਤੇ ਸਿਰਫ਼ ਕੁਝ ਪੋਸਟਰ ਲਗਾਉਣ ਕਰਕੇ 138 ਐੱਫ਼. ਆਈ. ਆਰਜ਼. ਦਰਜ ਕਰ ਦਿੱਤੀਆਂ। ਇਹ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹੈ। ਵਿਦਿਆਰਥੀ, ਨੌਜਵਾਨ, ਕਿਸਾਨ, ਵਪਾਰੀ, ਔਰਤਾਂ, ਕੋਈ ਵੀ ਵਰਗ ਮੋਦੀ ਸਰਕਾਰ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਨੂੰ ਭਾਜਪਾ ਵਿੱਚ ਕੋਈ ਭਵਿੱਖ ਨਜ਼ਰ ਨਹੀਂ ਆਉਂਦਾ। ਬੇਰੁਜ਼ਗਾਰੀ ਦਰ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਮੋਦੀ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ।  ਇਸ ਲਈ ਅਜਿਹੀ ਸਰਕਾਰ ਨੂੰ ਦੇਸ਼ ਵਿਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।

PunjabKesari

'ਆਪ' ਮੰਤਰੀ ਨੇ ਕਿਹਾ ਕਿ ਮੋਦੀ ਦੇ ਰਾਜ 'ਚ ਸਿਰਫ਼ ਪੂੰਜੀਪਤੀ ਹੀ ਵਧ-ਫੁੱਲ ਰਹੇ ਹਨ। ਉਨ੍ਹਾਂ ਨੇ ਪੀ. ਐੱਮ. ਮੋਦੀ ਨੂੰ ਸਵਾਲ ਕਰਦੇ ਹੋਏ ਕਿਹਾ ਕਿ ਕੀ ਉਹ ਆਪਣੇ ਦੋਸਤ ਅਡਾਨੀ ਦੇ ਘੁਟਾਲਿਆਂ ਦੀ ਜਾਂਚ ਕਰਨਗੇ? ਵਿਰੋਧੀ ਧਿਰ ਦੇ ਨੇਤਾਵਾਂ ਦੀ ਆਵਾਜ਼ ਨੂੰ ਦਬਾਉਣ ਅਤੇ ਉਨ੍ਹਾਂ ਨੂੰ ਸੀ. ਬੀ. ਆਈ. ਅਤੇ ਈ. ਡੀ. ਦੀਆਂ ਧਮਕੀਆਂ ਦੇਣ ਲਈ ਭਾਜਪਾ ਸਰਕਾਰ 'ਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵੀ ਚੁਣੇ ਹੋਏ ਨੁਮਾਇੰਦੇ ਹਨ, ਜਿਨ੍ਹਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਨ ਵਾਲਾ ਮਨੀਸ਼ ਸਿਸੋਦੀਆ ਵਰਗਾ ਆਗੂ ਅੱਜ ਜੇਲ੍ਹ ਵਿੱਚ ਹੈ ਪਰ ਭਾਜਪਾ ਦੇ ਕਈ ਭ੍ਰਿਸ਼ਟ ਆਗੂ ਸ਼ਰੇਆਮ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰ ਬੱਚੇ ਨੂੰ ਸਿੱਖਿਅਤ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ। ਚੰਗੀ ਸਿੱਖਿਆ ਲਈ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਬਣਾ ਰਹੇ ਹਨ, ਕਿਉਂਕਿ ਪਿਛਲੇ 75 ਸਾਲਾਂ ਵਿੱਚ ਪਿਛਲੀਆਂ ਸਰਕਾਰਾਂ ਨੇ ਸਾਡੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਤੋੜਨ ਤੋਂ ਇਲਾਵਾ ਕੁਝ ਨਹੀਂ ਕੀਤਾ।

ਇਹ ਵੀ ਪੜ੍ਹੋ : ਜਲੰਧਰ ਵਿਖੇ ਪ੍ਰੇਮੀ ਵੱਲੋਂ ਕਤਲ ਕੀਤੀ ਗਈ ਪ੍ਰੇਮਿਕਾ ਦੇ ਮਾਮਲੇ 'ਚ ਹੋਇਆ ਵੱਡਾ ਖ਼ੁਲਾਸਾ

ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਮੋਦੀ ਨੂੰ ਦੱਸਣਾ ਚਾਹੁੰਦੇ ਹਨ ਕਿ ਸਾਡਾ ਸੰਵਿਧਾਨ "ਅਸੀਂ ਭਾਰਤ ਦੇ ਲੋਕ..." ਨਾਲ ਸ਼ੁਰੂ ਹੁੰਦਾ ਹੈ, ਇਸ ਲਈ ਇਹ ਦੇਸ਼ ਇਥੋਂ ਦੇ ਲੋਕਾਂ ਦਾ ਹੈ। ਧਾਰਾ 32 ਦੇ ਸਬੰਧ ਵਿੱਚ ਡਾ. ਬੀ. ਆਰ. ਅੰਬੇਡਕਰ ਨੇ ਕਿਹਾ ਕਿ ਇਹ ਸਾਡੇ ਸੰਵਿਧਾਨ ਦੀ ਆਤਮਾ ਹੈ ਅਤੇ ਹਰ ਨਾਗਰਿਕ ਨੂੰ ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਅਸੀਂ ਕਿਸੇ ਵੀ ਕੀਮਤ 'ਤੇ ਭਾਜਪਾ ਨੂੰ ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾਉਣ ਦੇਵਾਂਗੇ। ਅੱਜ ਅਸੀਂ ਦੇਸ਼ ਦੇ ਕੋਨੇ-ਕੋਨੇ 'ਚ 'ਮੋਦੀ ਹਟਾਓ ਦੇਸ਼ ਬਚਾਓ' ਦੇ ਪੋਸਟਰ ਲਗਾਵਾਂਗੇ। ਉਹ ਜਿੰਨੀਆਂ ਮਰਜ਼ੀ ਐੱਫ਼. ਆਈ. ਆਰ. ਦਰਜ ਕਰਵਾ ਲੈਣ ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਅਸੀਂ ਉਨ੍ਹਾਂ ਦੀਆਂ ਏਜੰਸੀਆਂ ਜਾਂ ਐੱਫ਼. ਆਈ. ਆਰਜ਼. ਤੋਂ ਡਰਦੇ‌ ਨਹੀਂ।

ਇਹ ਵੀ ਪੜ੍ਹੋ :  ਪਟਿਆਲਾ 'ਚ ਵਾਪਰਿਆ ਦਰਦਨਾਕ ਹਾਦਸਾ, ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਮਾਪਿਆਂ ਦਾ 19 ਸਾਲਾ ਪੁੱਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News