ਅੰਦੋਲਨ ’ਚ ਜਾਂਦੇ ਲੋਕਾਂ ਦਾ ਜਜ਼ਬਾ ਵੇਖ ਦਿਲ ਆਪ ਮੁਹਾਰੇ ਕਹਿੰਦਾ ‘ਵਾਹ ਪੰਜਾਬੀਓ, ਵਾਹ ਕਿਸਾਨੋਂ’ : ਹਰਭਜਨ ਮਾਨ
Friday, Dec 18, 2020 - 04:35 PM (IST)
ਨਵੀਂ ਦਿੱਲੀ (ਬਿਊਰੋ) – ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ। ਅੰਦੋਲਨ ਨੂੰ ਕਲਾਕਾਰਾਂ ਦਾ ਵੀ ਸਮਰਥਨ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿਥੇ ਆਮ ਲੋਕ ਪਹੁੰਚ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਹਰਭਜਨ ਮਾਨ ਜੋ ਇਕ ਫਿਰ ਤੋਂ ਦਿੱਲੀ ਕਿਸਾਨ ਮੋਰਚੇ 'ਚ ਪਹੁੰਚੇ ਹਨ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਰਭਜਨ ਮਾਨ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਲਿਖਿਆ 'ਅਗਲੇ ਕੁੱਝ ਦਿਨਾਂ ਲਈ ਦਿੱਲੀ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ 'ਚ ਸ਼ਾਮਲ ਹੋਣ ਲਈ ਜਾਂਦਿਆਂ ਰਸਤੇ ਵਿਚ ਜਦ ਮੈਂ ਟਰੈਕਟਰ-ਟ੍ਰਾਲੀਆਂ 'ਚ ਜਾਂਦੇ ਹੋਏ ਲੋਕਾਂ ਦਾ ਜੋਸ਼, ਜਜ਼ਬਾ ਅਤੇ ਉਹਨਾਂ ਨੂੰ ਪੂਰੀ ਚੜਦੀ ਕਲਾ 'ਚ ਦੇਖਦਾ ਤਾਂ ਦਿਲ ਆਪ ਮੁਹਾਰੇ ਕਹਿ ਉੱਠਦਾ ਵਾਹ! ਪੰਜਾਬੀਓ, ਵਾਹ! ਕਿਸਾਨੋ।'
ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਇਹ ਪ੍ਰਦਰਸ਼ਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਦੀ ਸਰਕਾਰ ਕਿਸਾਨਾਂ ਦੇ ਪੱਖ ਦੀ ਗੱਲ ਨਹੀਂ ਕਰ ਰਹੀ ਹੈ ।
ਗਾਇਕ ਸਤਵਿੰਦਰ ਬੁੱਗਾ ਨੇ ਦਿੱਤੀ ਸ਼ਰਧਾਂਜਲੀ
ਇਸ ਪ੍ਰਦਰਸ਼ਨ ਦੌਰਾਨ ਕਈ ਕਿਸਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਤਿੰਨ ਹੋਰ ਨੌਜਵਾਨ ਕਿਸਾਨਾਂ ਦਾ ਦਿਹਾਂਤ ਇਸ ਪ੍ਰਦਰਸ਼ਨ ਦੌਰਾਨ ਹੋਇਆ ਹੈ । ਗਾਇਕ ਸਤਵਿੰਦਰ ਬੁੱਗਾ ਨੇ ਇਕ ਪੋਸਟ ਸਾਂਝੀ ਕਰਦੇ ਹੋਏ ਇਨ੍ਹਾਂ ਕਿਸਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਇਨ੍ਹਾਂ ਕਿਸਾਨਾਂ 'ਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਤੁੰਗਵਾਲੀ ਦਾ ਰਹਿਣ ਵਾਲਾ ਕਿਸਾਨ ਜੈ ਸਿੰਘ, ਬਠਿੰਡਾ ਦੇ ਹੀ ਪਿੰਡ ਫੱਤਾ ਮਾਲੋਕਾ ਦਾ ਰਹਿਣ ਵਾਲਾ ਜਤਿੰਦਰ ਸਿੰਘ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਥਾਣੇ ਦਾ ਰਹਿਣ ਵਾਲਾ ਗੁਰਵਿੰਦਰ ਸਿੰਘ ਸ਼ਾਮਲ ਹੈ ।
ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।
ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਕਿਸਾਨਾਂ ਨੇ ਕੱਢਿਆ ਨਵਾਂ ਤਰੀਕਾ
ਪੰਜਾਬ ਦੇ ਕਿਸਾਨ ਧਰਨੇ ਦੇ ਪਹਿਲੇ ਦਿਨ ਤੋਂ ਹੀ ਇੱਥੇ ਹਨ। ਇਸੇ ਲਈ ਹੁਣ ਉਨ੍ਹਾਂ ਇਸ ਰੋਸ ਪ੍ਰਦਰਸ਼ਨ 'ਚ ਆਪਣੀ ਸ਼ਮੂਲੀਅਤ ਵਧਾ ਕੇ ਰੱਖਣ ਦਾ ਨਵਾਂ ਤਰੀਕਾ ਕੱਢਿਆ ਹੈ। ਅੰਦੋਲਨ ਲੰਮਾ ਖਿੱਚਦਾ ਵੇਖ ਕੇ ਹੁਣ ਕਿਸਾਨ ਵਾਰੀ-ਸਿਰ ਇੱਥੇ ਰਿਹਾ ਕਰਨਗੇ ਭਾਵ ਉਨ੍ਹਾਂ ਨੇ ਰੋਟੇਸ਼ਨ ਦੇ ਹਿਸਾਬ ਨਾਲ ਡਿਊਟੀਆਂ ਬੰਨ੍ਹ ਲਈਆਂ ਹਨ। ਜਿਹੜੇ ਕਿਸਾਨ ਪਹਿਲੇ ਦਿਨ ਤੋਂ ਗਏ ਹੋਏ ਹਨ, ਉਹ ਹੁਣ ਟ੍ਰਾਲੀਆਂ 'ਚ ਪਰਤ ਰਹੇ ਹਨ ਤੇ ਉਨ੍ਹਾਂ ਹੀ ਟ੍ਰਾਲੀਆਂ 'ਚ ਦੂਜੇ ਨਵੇਂ ਕਿਸਾਨ ਧਰਨੇ ਵਾਲੀ ਥਾਂ 'ਤੇ ਪੁੱਜ ਰਹੇ ਹਨ।