ਡਰਾ-ਧਮਕਾ ਕੇ ਲੜਕੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

Sunday, Sep 17, 2017 - 04:16 AM (IST)

ਡਰਾ-ਧਮਕਾ ਕੇ ਲੜਕੀ ਨਾਲ ਕਰਦਾ ਰਿਹਾ ਜਬਰ-ਜ਼ਨਾਹ

ਹੁਸ਼ਿਆਰਪੁਰ, (ਜ.ਬ.)- ਇਕ 18 ਸਾਲਾ ਲੜਕੀ ਨੂੰ ਉਸੇ ਦੇ ਪਿੰਡ 'ਚ ਰਹਿਣ ਵਾਲਾ ਇਕ ਨੌਜਵਾਨ ਡਰਾ-ਧਮਕਾ ਕੇ ਘਰੋਂ ਲੈ ਗਿਆ ਅਤੇ ਕਈ ਦਿਨਾਂ ਤੱਕ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। ਕਿਸੇ ਤਰ੍ਹਾਂ ਲੜਕੀ ਨੇ ਨੌਜਵਾਨ ਦੀ ਚੁੰਗਲ ਵਿਚੋਂ ਬਚ ਕੇ ਘਟਨਾ ਦੀ ਜਾਣਕਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। 
ਪੁਲਸ ਨੇ ਲੜਕੀ ਦੇ ਦੱਸਣ ਅਨੁਸਾਰ ਉਸ ਨੂੰ ਬਰਾਮਦ ਕਰ ਲਿਆ, ਜਦਕਿ ਦੋਸ਼ੀ ਨੌਜਵਾਨ ਉਥੋਂ ਭੱਜਣ 'ਚ ਸਫਲ ਹੋ ਗਿਆ। ਥਾਣਾ ਬੁੱਲ੍ਹੋਵਾਲ ਦੀ ਪੁਲਸ ਨੇ ਦੋਸ਼ੀ ਮਾਂ-ਬੇਟੇ 'ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਲੜਕੀ ਨੇ ਦੱਸਿਆ ਕਿ ਉਹ 5 ਸਤੰਬਰ ਨੂੰ ਘਰ ਵਿਚ ਇਕੱਲੀ ਸੀ। ਇਸ ਦੌਰਾਨ ਉਸੇ ਦੇ ਪਿੰਡ ਵਿਚ ਰਹਿਣ ਵਾਲਾ ਨੌਜਵਾਨ ਅਮਨਦੀਪ ਸਿੰਘ ਉਰਫ ਪ੍ਰਿੰਸ ਉਸ ਦੇ ਘਰ ਆਇਆ ਤੇ ਡਰਾ-ਧਮਕਾ ਕੇ ਉਸ ਨੂੰ ਭਜਾ ਕੇ ਲੈ ਗਿਆ ਅਤੇ ਸੰਗਰੂਰ ਵਿਚ ਇਕ ਧਰਮਸ਼ਾਲਾ 'ਚ ਉਸ ਨਾਲ ਕਰੀਬ 7 ਦਿਨ ਤੱਕ ਜਬਰ-ਜ਼ਨਾਹ ਕਰਦਾ ਰਿਹਾ। ਬੀਤੀ 13 ਸਤੰਬਰ ਨੂੰ ਕਿਸੇ ਤਰ੍ਹਾਂ ਉਸ ਨੇ ਉਕਤ ਨੌਜਵਾਨ ਦੀ ਚੁੰਗਲ ਵਿਚੋਂ ਛੁੱਟ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਪੁਲਸ ਨੇ ਪੀੜਤ ਲੜਕੀ ਨੂੰ ਸੰਗਰੂਰ ਤੋਂ ਬਰਾਮਦ ਕਰ ਲਿਆ ਹੈ। ਲੜਕੀ ਦਾ ਸਰਕਾਰੀ ਹਸਪਤਾਲ ਹੁਸ਼ਿਆਰਪੁਰ 'ਚੋਂ ਮੈਡੀਕਲ ਕਰਵਾਇਆ ਗਿਆ ਹੈ। 
ਵਿਆਹ ਲਈ ਧਮਕਾਉਂਦੇ ਸਨ ਦੋਸ਼ੀ ਤੇ ਉਸ ਦੀ ਮਾਂ : ਮਹਿਲਾ ਸਬ-ਇੰਸਪੈਕਟਰ ਪਰਮਜੀਤ ਕੌਰ ਨੇ ਦੱਸਿਆ ਕਿ ਪੀੜਤਾ ਨੇ ਆਪਣੇ ਬਿਆਨਾਂ 'ਚ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਅਮਨਦੀਪ ਤੇ ਉਸ ਦੀ ਮਾਤਾ ਆਸ਼ਾ ਰਾਣੀ ਉਸ ਨੂੰ ਅਮਨਦੀਪ ਨਾਲ ਵਿਆਹ ਕਰਵਾਉਣ ਲਈ ਧਮਕਾਉਂਦੇ ਰਹਿੰਦੇ ਸਨ। ਕਈ ਵਾਰ ਮਾਮਲਾ ਪੰਚਾਇਤ ਵਿਚ ਵੀ ਗਿਆ। ਪੁਲਸ ਨੇ ਅਮਨਦੀਪ ਸਿੰਘ ਤੇ ਉਸ ਦੀ ਮਾਤਾ ਆਸ਼ਾ ਰਾਣੀ ਖਿਲਾਫ਼ ਧਾਰਾ 366, 376, 342, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।


Related News